1ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ ।
2ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁੱਖ ਹਾਜ਼ਰ ਹੋਵਾਂ ?
3ਮੇਰਾ ਭੋਜਨ ਦਿਨੇ ਰਾਤ ਮੇਰੇ ਹੰਝੂ ਹਨ, ਜਦੋਂ ਓਹ ਸਾਰਾ ਦਿਨ ਇਹ ਆਖਦੇ ਹਨ, ਤੇਰਾ ਪਰਮੇਸ਼ੁਰ ਹੈ ਕਿੱਥੇ ?
4ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ, ਕਿ ਮੈਂ ਕਿਸ ਤਰਾਂ ਭੀੜ ਦੇ ਨਾਲ ਲੰਘਦਾ ਹੁੰਦਾ ਸੀ, ਅਤੇ ਬਹੁਤ ਸਾਰੀ ਭੀੜ ਨਾਲ ਪਰਮੇਸ਼ੁਰ ਦੇ ਘਰ ਵਿੱਚ, ਜੈ-ਜੈ ਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸੀ ।
5ਹੇ ਮੇਰੇ ਮਨ, ਤੂੰ ਕਿਉਂ ਝੁਕਿਆ ਹੋਇਆ ਹੈਂ ? ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ਮੈਂ ਤਾਂ ਉਸ ਦੇ ਦਰਸ਼ਨ ਨਾਲ ਮੁਕਤੀ ਪਾ ਕੇ ਫੇਰ ਉਸ ਦਾ ਧੰਨਵਾਦ ਕਰਾਂਗਾ ।
6ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ ।
7ਤੇਰੇ ਪਾਣੀ ਦੀਆ ਧਾਰਾਂ ਦੀ ਆਵਾਜ਼ ਸੁਣ ਕੇ ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ, ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋ ਦੀ ਲੰਘ ਗਈਆਂ ।
8ਦਿਨ ਨੂੰ ਯਹੋਵਾਹ ਆਪਣੀ ਦਯਾ ਦੀ ਆਗਿਆ ਦੇਵੇਗਾ, ਅਤੇ ਰਾਤ ਨੂੰ ਉਹ ਦਾ ਗੀਤ ਮੇਰੇ ਨਾਲ ਹੋਵੇਗਾ । ਉਹ ਮੇਰੇ ਜੀਵਨ ਦੇ ਪਰਮੇਸ਼ੁਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ ।
9ਪਰਮੇਸ਼ੁਰ ਨੂੰ ਜੋ ਮੇਰੀ ਚੱਟਾਨ ਹੈ ਮੈ ਆਖਾਂਗਾ, ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ ? ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ ?
10ਮੇਰੇ ਵਿਰੋਧੀ ਮੈਨੂੰ ਉਲਾਂਭਾ ਦਿੰਦੇ ਹਨ, ਜਾਣੋ, ਇਹ ਮੇਰੀਆਂ ਹੱਡੀਆਂ ਦਾ ਚੂਰ ਚੂਰ ਹੋਣਾ ਹੈਂ,ਜਦੋਂ ਓਹ ਦਿਨ ਭਰ ਮੈਨੂੰ ਕਹੀ ਜਾਂਦੇ ਹਨ, ਕਿੱਥੇ ਹੈ ਤੇਰਾ ਪਰਮੇਸ਼ੁਰ ?
11ਹੇ ਮੇਰੇ ਜੀਅ,ਤੂੰ ਕਿਉਂ ਝੁਕਿਆ ਹੋਇਆ ਹੈਂ, ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ! ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈ ।