Bible 2 India Mobile
[VER] : [PUNJABI]     [PL]  [PB] 
 <<  Psalms 40 >> 

1ਮੈਂ ਦਲੇਰੀ ਕਰਕੇ ਯਹੋਵਾਹ ਨੂੰ ਉਡੀਕਿਆ, ਅਤੇ ਉਸ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ ।

2ਉਸ ਨੇ ਮੈਨੂੰ ਭਿਆਨਕ ਟੋਏ ਵਿਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ ।

3ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ । ਬਹੁਤੇ ਵੇਖਣਗੇ ਅਤੇ ਡਰ ਜਾਣਗੇ, ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ ।

4ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ, ਅਤੇ ਹੰਕਾਰੀਆਂ ਅਤੇ ਝੂਠੇ ਕੁਰਾਹੀਆਂ ਵੱਲ ਮੂੰਹ ਹੀ ਨਹੀਂ ਕਰਦਾ ।

5ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੂੰ ਕੀਤੇ ਬਹੁਤ ਸਾਰੇ ਹਨ, ਅਤੇ ਤੇਰੇ ਉਪਰਾਲੇ ਜਿਹੜੇ ਸਾਡੇ ਲਈ ਹਨ, ਤੇਰਾ ਸਾਂਝੀ ਕੋਈ ਨਹੀਂ ਹੈ ! ਜੇ ਮੈਂ ਉਨ੍ਹਾਂ ਨੂੰ ਖੋਲ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ ।

6ਬਲੀਦਾਨ ਅਤੇ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ, ਤੂੰ ਮੇਰੇ ਕੰਨ ਖੋਲੇ ਹਨ, ਹੋਮ ਬਲੀ ਅਤੇ ਪਾਪ ਬਲੀ ਤੂੰ ਨਹੀਂ ਮੰਗੀਆਂ ।

7ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ ! ਪੁਸਤਕ ਦੀ ਪੱਤਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ

8ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ ।

9ਮੈਂ ਮਹਾਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ, ਵੇਖ, ਮੈਂ ਆਪਣੇ ਬੁੱਲਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, ਤੂੰ ਇਹ ਜਾਣਦਾ ਹੈਂ ।

10ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੋਕਾਂ ਨਹੀਂ ਛੱਡਿਆ, ਮੈਂ ਸਗੋਂ ਤੇਰੀ ਵਫ਼ਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ, ਮੈਂ ਤੇਰੀ ਦਯਾ ਅਤੇ ਸਚਿਆਈ ਮਹਾਸਭਾ ਤੋਂ ਨਹੀਂ ਛਿਪਾਈ ।

11ਹੇ ਯਹੋਵਾਹ, ਤੂੰ ਆਪਣਾ ਰਹਮ ਮੇਰੇ ਤੋਂ ਨਾ ਰੋਕ, ਤੇਰੀ ਦਯਾ ਅਤੇ ਤੇਰਾ ਸੱਚ ਹਰ ਵੇਲੇ ਮੇਰੀ ਰੱਖਿਆ ਕਰਨ,

12ਕਿਉਂ ਜੋ ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, ਮੇਰੀਆਂ ਬਦੀਆਂ ਨੇ ਮੈਨੂੰ ਆ ਫੜਿਆ ਹੈ, ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ । ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ, ਅਤੇ ਮੇਰਾ ਦਿਲ ਕਮਜ਼ੋਰ ਹੋ ਗਿਆ ।

13ਹੇ ਯਹੋਵਾਹ, ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਲਈ ਛੇਤੀ ਕਰ !

14ਜਿਹੜੇ ਮੇਰੀ ਜਾਨ ਨੂੰ ਮਾਰਨ ਲਈ ਭਾਲਦੇ ਹਨ, ਓਹ ਸਾਰੇ ਦੇ ਸਾਰੇ ਲੱਜਿਆਵਾਨ ਹੋਣ ਅਤੇ ਘਾਬਰ ਜਾਣ ! ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, ਓਹ ਪਿਛਾਂਹ ਹਟਾਏ ਜਾਣ ਅਤੇ ਸ਼ਰਮਿੰਦੇ ਹੋਣ ।

15ਜੋ ਮੈਨੂੰ "ਆਹਾ, ਆਹਾ !" ਆਖਦੇ ਹਨ, ਓਹ ਆਪਣੀ ਲਾਜ ਦੇ ਮਾਰੇ ਉੱਜੜ ਜਾਣ !

16ਜਿੰਨੇ ਤੇਰੇ ਖੋਜੀ ਹਨ, ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, ਓਹ ਸਦਾ ਆਖਣ, "ਯਹੋਵਾਹ ਦੀ ਵਡਿਆਈ ਹੋਵੇ !"

17ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ । ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, ਹੇ ਮੇਰੇ ਪਰਮੇਸ਼ੁਰ, ਢਿੱਲ ਨਾ ਲਾ !


  Share Facebook  |  Share Twitter

 <<  Psalms 40 >> 


Bible2india.com
© 2010-2025
Help
Dual Panel

Laporan Masalah/Saran