1ਜਦੋਂ ਮੈਂ ਤੈਂਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ । ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ ।
2ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ ? ਸਲਹ ।
3ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ । ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ ।
4ਕੰਬ ਜਾਓ ਅਤੇ ਪਾਪ ਨਾ ਕਰੋ, ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ । ਸਲਹ ।
5ਧਰਮ ਦੇ ਬਲੀਦਾਨ ਚੜਾਓ, ਅਤੇ ਯਹੋਵਾਹ ਉੱਤੇ ਆਸ ਰੱਖੋ ।
6ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁੱਝ ਭਲਿਆਈ ਵਿਖਾਵੇਗਾ ? ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ ।
7ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ ।
8ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ ।