Bible 2 India Mobile
[VER] : [PUNJABI]     [PL]  [PB] 
 <<  Psalms 39 >> 

1ਮੈਂ ਆਖਿਆ ਕਿ ਮੈਂ ਆਪਣੇ ਚਾਲ-ਚਲਣ ਦੀ ਚੌਕਸੀ ਕਰਾਂਗਾ, ਕਿ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ । ਜਿੰਨਾ ਚਿਰ ਦੁਸ਼ਟ ਮੇਰੇ ਅੱਗੇ ਹੈ, ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ।

2ਮੈਂ ਚੁੱਪ ਕੀਤਾ ਗੂੰਗਾ ਹੋ ਗਿਆ, ਅਤੇ ਭਲਿਆਈ ਤੋਂ ਵੀ ਚੁੱਪ ਵੱਟ ਛੱਡੀ, ਅਤੇ ਮੇਰਾ ਦੁੱਖ ਵੱਧ ਪਿਆ ।

3ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ, ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ,

4ਹੇ ਯਹੋਵਾਹ, ਮੈਨੂੰ ਅੰਤ ਦੱਸ, ਅਤੇ ਇਹ ਵੀ ਕਿ ਮੇਰੀ ਉਮਰ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕਿਨ੍ਹਾਂ ਨਿਤਾਣਾ ਹਾਂ ।

5ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁੱਝ ਹੈ ਹੀ ਨਹੀਂ । ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ, ਤਦ ਵੀ ਸਾਹ ਮਾਤਰ ਹੀ ਹੈ !

6ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ, ਸੱਚ-ਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ ! ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ !

7ਹੁਣ, ਹੇ ਪ੍ਰਭੂ, ਮੈਂ ਕਾਹਦੀ ਉਡੀਕ ਕਰਾਂ ? ਮੈਨੂੰ ਤੇਰੀ ਹੀ ਆਸ ਹੈ ।

8ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ !

9ਮੈਂ ਗੂੰਗਾ ਬਣ ਗਿਆ, ਮੈਂ ਆਪਣਾ ਮੂੰਹ ਨਾ ਖੋਲਿਆ, ਕਿਉਂ ਜੋ ਤੂੰ ਹੀ ਇਹ ਕੀਤਾ ਹੈ ।

10ਆਪਣੀ ਸੱਟ ਨੂੰ ਮੈਥੋਂ ਹਟਾ ਦੇ, ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ ।

11ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ ਮਨੁੱਖ ਨੂੰ ਤਾੜਦਾ ਹੈਂ, ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ, ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ ! ਸਲਹ ।

12ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ, ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, ਕਿਉਂ ਜੋ ਮੈਂ ਪਰਦੇਸੀ ਹਾਂ, ਅਤੇ ਆਪਣਿਆਂ ਸਾਰੇ ਪਿਉ-ਦਾਦਿਆਂ ਵਰਗਾ ਮੁਸਾਫਰ ਹਾਂ ।

13ਮੇਰੇ ਤੋਂ ਅੱਖ ਫੇਰ ਲੈ ਕਿ ਮੈਂ ਟਹਿਕਾਂ, ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਂਵਾਂ ਅਤੇ ਫੇਰ ਨਾ ਹੋਵਾਂ ।


  Share Facebook  |  Share Twitter

 <<  Psalms 39 >> 


Bible2india.com
© 2010-2025
Help
Dual Panel

Laporan Masalah/Saran