Bible 2 India Mobile
[VER] : [PUNJABI]     [PL]  [PB] 
 <<  Psalms 35 >> 

1ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ, ਉਨ੍ਹਾਂ ਨਾਲ ਤੂੰ ਮੁਕੱਦਮਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ।

2ਢਾਲ ਅਤੇ ਨੇਜੇ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ ਉੱਠ !

3ਬਰਛਾ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ, ਮੇਰੀ ਜਾਨ ਨੂੰ ਆਖ, ਤੇਰਾ ਬਚਾਓ ਮੈਂ ਹੀ ਹਾਂ ।

4ਜਿਹੜੇ ਮੇਰੀ ਜਾਨ ਦੇ ਵੈਰੀ ਹਨ ਓਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਉਹ ਪਿੱਛੇ ਹਟਾਏ ਜਾਣ ਅਤੇ ਉਲਝ ਜਾਣ !

5ਉਹ ਪੌਣ ਨਾਲ ਉਡਦੀ ਤੂੜੀ ਵਾਂਗੂੰ ਹੋਣ, ਅਤੇ ਯਹੋਵਾਹ ਦਾ ਦੂਤ ਉਹਨਾਂ ਨੂੰ ਧੱਕਾ ਮਾਰਦਾ ਜਾਏ ।

6ਉਨ੍ਹਾਂ ਦਾ ਰਾਹ ਹਨੇਰਾ ਅਤੇ ਤਿਲਕਣਾ ਹੋਵੇ, ਅਤੇ ਯਹੋਵਾਹ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ

7ਕਿਉਂ ਜੋ ਉਨ੍ਹਾਂ ਬਿਨ੍ਹਾਂ ਕਾਰਨ ਮੇਰੇ ਲਈ ਟੋਏ ਵਿੱਚ ਜਾਲ਼ ਛਿਪਾਇਆ ਹੈ, ਉਨ੍ਹਾਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਜਾਨ ਲਈ ਟੋਆ ਪੁੱਟਿਆ ਹੈ ।

8ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇ ! ਅਤੇ ਜਿਹੜਾ ਜਾਲ਼ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ !

9ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ-ਬਾਗ ਹੋਵੇਗੀ, ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ ।

10ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ ? ਤੂੰ ਮਸਕੀਨ ਨੂੰ ਉਸ ਨਾਲੋ ਤਕੜੇ ਤੋਂ ਛੁਡਾਉਂਦਾ ਹੈ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ ।

11ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ, ਉਹ ਮੈਥੋ ਓਹ ਗੱਲਾਂ ਪੁਛਦੇ ਹਨ ਜੋ ਮੈਂ ਨਹੀਂ ਜਾਣਦਾ ।

12ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ, ਮੇਰੀ ਜਾਨ ਬੈਚੇਨ ਹੋ ਜਾਂਦੀ ਹੈ ।

13ਪਰ ਮੈਂ, ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਦਾ ਫਲ ਮੇਰੀ ਝੋਲੀ ਵਿੱਚ ਆ ਪਿਆ ।

14ਮੈਂ ਉਨ੍ਹਾਂ ਨਾਲ ਮਿੱਤਰ ਜਾਂ ਭਰਾ ਵਾਂਗੂੰ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁੱਕ ਗਿਆ ।

15ਪਰ ਉਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ ਹਾਂ, ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋਏ, ਅਤੇ ਮੈਂ ਨਾ ਜਾਣਿਆ । ਓਹ ਮਾਰਦੇ ਰਹੇ ਅਤੇ ਹਟੇ ਨਹੀਂ ।

16ਉਨ੍ਹਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖੌਲ ਕਰਦੇ ਹਨ, ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ ।

17ਹੇ ਪ੍ਰਭੂ, ਤੂੰ ਕਦੋਂ ਤੱਕ ਵੇਖਦਾ ਰਹੇਂਗਾ ? ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ, ਅਤੇ ਮੇਰੀ ਜਿੰਦਗੀ ਨੂੰ ਬੱਬਰ ਸ਼ੇਰਾਂ ਤੋਂ ਛੁਡਾ !

18ਮੈਂ ਮਹਾਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ ।

19ਜਿਹੜੇ ਬੇਵਜਾ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ, ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ,

20ਕਿਉਂ ਜੋ ਓਹ ਸੁੱਖ-ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਆਰਾਮ ਨਾਲ ਵਸਦੇ ਹਨ, ਉਨ੍ਹਾਂ ਦੇ ਵਿਰੁੱਧ ਉਹ ਛਲ ਦੀਆ ਗੱਲਾਂ ਬਣਾਉਂਦੇ ਹਨ ।

21ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ ਕੇ ਆਖਿਆ, ਵਾਹ, ਵਾਹ ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ !

22ਹੇ ਯਹੋਵਾਹ, ਤੂੰ ਵੇਖ ਲਿਆ ! ਚੁੱਪ ਨਾ ਕਰ, ਹੇ ਪ੍ਰਭੂ, ਮੈਥੋਂ ਦੂਰ ਨਾ ਰਹਿ !

23ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੂ, ਮੇਰੇ ਨਿਆਂ ਲਈ ਉੱਠ, ਅਤੇ ਮੇਰੇ ਮੁਕਦਮੇ ਲਈ ਜਾਗ ।

24ਹੇ ਯਹੋਵਾਹ ਮੇਰੇ ਪਰਮੇਸ਼ੁਰ,ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ,ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ !

25ਉਹ ਆਪਣੇ ਮਨ ਵਿੱਚ ਇਹ ਨਾ ਕਹਿਣ, ਭਈ ਵਾਹ, ਅਸੀਂ ਇਹੋ ਚਾਹੁੰਦੇ ਹਾਂ ! ਉਹ ਇਹ ਨਾ ਆਖਣ ਭਈ ਅਸੀਂ ਉਹ ਨੂੰ ਨਿਗਲ ਲਿਆ !

26ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਉਲਝ ਜਾਣ । ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਉਹ ਸ਼ਰਮਿੰਦਗੀ ਅਤੇ ਅਨਾਦਰ ਦਾ ਪਹਿਰਾਵਾ ਪਹਿਨਣ ।

27ਜਿਹੜੇ ਮੇਰੇ ਧਰਮ ਤੋਂ ਪਰਸੰਨ ਹਨ ਓਹ ਜੈ-ਜੈ ਕਾਰ ਅਤੇ ਅਨੰਦ ਕਰਨ, ਉਹ ਸਦਾ ਆਖਦੇ ਜਾਣ ਜੋ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪਰਸੰਨ ਹੈ ।

28ਤਦ ਮੇਰੀ ਜੀਭ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ ।


  Share Facebook  |  Share Twitter

 <<  Psalms 35 >> 


Bible2india.com
© 2010-2025
Help
Dual Panel

Laporan Masalah/Saran