Bible 2 India Mobile
[VER] : [PUNJABI]     [PL]  [PB] 
 <<  Psalms 147 >> 

1ਹਲਲੂਯਾਹ ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ !

2ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ ।

3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨਦਾ ਹੈ ।

4ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬਲਾਉਂਦਾ ਹੈ ।

5ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ ।

6ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ ।

7ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ,

8ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ ।

9ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ ।

10ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ ।

11ਯਹੋਵਾਹ ਆਪਣੇ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾ ਉੱਤੇ ਵੀ ।

12ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ !

13ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ ।

14ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ ।

15ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ ।

16ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ ।

17ਉਹ ਆਪਣੀ ਬਰਫ਼ ਨੂੰ ਟੁੱਕੜੇ ਟੁੱਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ ?

18ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ ।

19ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ ।

20ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ । ਹਲਲੂਯਾਹ ! ।


  Share Facebook  |  Share Twitter

 <<  Psalms 147 >> 


Bible2india.com
© 2010-2025
Help
Dual Panel

Laporan Masalah/Saran