Bible 2 India Mobile
[VER] : [PUNJABI]     [PL]  [PB] 
 <<  Psalms 143 >> 

1ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, ਮੇਰੀ ਬੇਨਤੀ ਉੱਤੇ ਕੰਨ ਲਾ, ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇ !

2ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ, ਕਿਉਂ ਜੋ ਤੇਰੇ ਹਜ਼ੂਰ ਕੋਈ ਧਰਮੀ ਨਹੀਂ ਠਹਿਰ ਸਕਦਾ ।

3ਵੈਰੀ ਨੇ ਮੇਰੀ ਜਾਨ ਦਾ ਪਿੱਛਾ ਕੀਤਾ ਹੈ, ਉਹ ਨੇ ਮੇਰੀ ਜਿੰਦ ਨੂੰ ਚਿੱਥ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ, ਉਹ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ ਵਸਾਇਆ ਹੈ, ਚਿਰ ਦੇ ਮੋਇਆਂ ਹੋਇਆਂ ਵਾਂਗੂੰ !

4ਤਦੇ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੈ, ਮੇਰਾ ਦਿਲ ਮੇਰੇ ਅੰਦਰ ਵਿਆਕੁਲ ਹੈ ।

5ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮ ਦਾ ਧਿਆਨ ਕਰਦਾ ਹਾਂ ।

6ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, ਮੇਰੀ ਜਾਨ ਸੁੱਕੀ ਧਰਤੀ ਵਾਂਗੂੰ ਤੇਰੀ ਤਿਹਾਈ ਹੈ । ਸਲਹ ।

7ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇ, ਮੇਰਾ ਆਤਮਾ ਬੱਸ ਹੋ ਚੱਲਿਆ, ਆਪਣਾ ਮੂੰਹ ਮੇਰੇ ਕੋਲੋਂ ਨਾ ਲੁਕਾ, ਕਿਤੇ ਮੈਂ ਕਬਰ ਵਿੱਚ ਉੱਤਰਨ ਵਾਲਿਆਂ ਵਰਗਾ ਨਾ ਹੋ ਜਾਂਵਾਂ !

8ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, ਮੈਂ ਤਾਂ ਆਪਣੀ ਜਾਨ ਤੇਰੇ ਵੱਲ ਉਠਾ ਰੱਖੀ ਹੈ ।

9ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ !

10ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ ।

11ਹੇ ਯਹੋਵਾਹ, ਆਪਣੇ ਨਾਮ ਦੇ ਸਦਕੇ ਮੈਨੂੰ ਜਿਉਂਦਾ ਰੱਖ, ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿਚੋਂ ਕੱਢ,

12ਅਤੇ ਆਪਣੀ ਦਯਾ ਨਾਲ ਮੇਰੇ ਵੈਰੀਆਂ ਨੂੰ ਮਿਟਾ ਸੁੱਟ, ਅਤੇ ਮੇਰੀ ਜਾਨ ਦੇ ਸਾਰੇ ਦੁੱਖ ਦੇਣ ਵਾਲਿਆਂ ਦਾ ਨਾਸ ਕਰ ! ਮੈਂ ਤੇਰਾ ਸੇਵਕ ਜੋ ਹਾਂ ।


  Share Facebook  |  Share Twitter

 <<  Psalms 143 >> 


Bible2india.com
© 2010-2025
Help
Dual Panel

Laporan Masalah/Saran