1ਹੇ ਯਹੋਵਾਹ, ਤੂੰ ਮੈਨੂੰ ਪਰਖ ਲਿਆ ਤੇ ਜਾਣ ਲਿਆ,
2ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ,
3ਤੂੰ ਮੇਰੇ ਚੱਲਣੇ ਅਤੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ ਹੈਂ ।
4ਮੇਰੀ ਜੀਭ ਉੱਤੇ ਇੱਕ ਗੱਲ ਵੀ ਨਹੀਂ, — ਵੇਖ, ਹੇ ਯਹੋਵਾਹ, ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ ।
5ਤੂੰ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉਤੇ ਧਰਿਆ ਹੈ, ―
6ਇਹ ਗਿਆਨ ਮੇਰੇ ਲਈ ਅਚਰਜ ਹੈ, ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ ! ।
7ਮੈਂ ਤੇਰੇ ਆਤਮਾ ਤੋਂ ਕਿੱਧਰ ਜਾਂਵਾਂ, ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ ?
8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂ, ਤੂੰ ਉੱਥੇ ਹੈਂ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ !
9ਜੇ ਮੈਂ ਫਜਰ ਦੇ ਖੰਭ ਲਾ ਲਵਾਂ, ਅਤੇ ਸਮੁੰਦਰ ਦੇ ਆਖਰ ਵਿੱਚ ਜਾ ਵੱਸਾਂ,
10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ !
11ਜੇ ਮੈਂ ਅਾਖਾਂ ਕਿ ਅਨ੍ਹੇਰਾ ਮੈਨੂੰ ਜ਼ਰੂਰ ਢੱਕ ਲਵੇਗਾ, ਅਤੇ ਮੇਰੇ ਇਰਦੇ ਗਿਰਦੇ ਦਾ ਚਾਨਣ ਰਾਤ ਹੋ ਜਾਵੇਗਾ,
12ਫੇਰ ਵੀ ਅਨ੍ਹੇਰਾ ਤੈਥੋਂ ਨਾ ਛਿਪਾਵੇਗਾ, ਅਤੇ ਰਾਤ ਦਿਨ ਵਾਂਗੂੰ ਚਮਕੇਗੀ, ਸੋ ਅਨ੍ਹੇਰਾ ਤੇ ਚਾਨਣ ਇੱਕੋ ਜਿਹੇ ਹਨ ! ।
13ਤੂੰ ਤਾਂ ਮੇਰੇ ਅੰਦਰਲੇ ਅੰਗ ਰਚੇ, ਤੂੰ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ ।
14ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ !
15ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, ਅਤੇ ਧਰਤੀ ਦਿਆਂ ਹੇਠਲਿਆਂ ਥਾਵਾਂ ਵਿੱਚ ਮੇਰਾ ਰਸੀਦਾ ਕੱਢੀਦਾ ਸੀ ।
16ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿਚੋਂ ਇੱਕ ਵੀ ਨਹੀਂ ਸੀ ।
17ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ !
18ਜੇ ਮੈਂ ਉਨ੍ਹਾਂ ਨੂੰ ਗਿਣਾ, ਓਹ ਰੇਟ ਦੇ ਦਾਣਿਆ ਨਾਲੋਂ ਵੀ ਵੱਧ ਹਨ, ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ ।
19ਹੇ ਪਰਮੇਸ਼ੁਰ, ਤੂੰ ਜ਼ਰੂਰ ਦੁਸ਼ਟਾਂ ਨੂੰ ਵੱਢ ਸੁੱਟੇਂਗਾ, ਹੇ ਖੂਨੀਓ, ਮੈਥੋਂ ਦੂਰ ਹੋ ਜਾਓ !
20ਜਿਹੜੇ ਤੇਰੇ ਵਿਖੇ ਬੁਰੀ ਚਰਚਾ ਕਰਦੇ ਹਨ, ਓਹ ਤੇਰੇ ਵੈਰੀ ਆਪਣੇ ਆਪ ਨੂੰ ਵਿਅਰਥ ਉੱਚਾ ਕਰਦੇ ਹਨ !
21ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ ? ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ ?
22ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, ਓਹ ਮੇਰੇ ਵੈਰੀ ਹੋ ਗਏ ਹਨ ।
23ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ,
24ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ ! ।