Bible 2 India Mobile
[VER] : [PUNJABI]     [PL]  [PB] 
 <<  Psalms 135 >> 

1ਹਲਲੂਯਾਹ ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ !

2ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਖੜੇ ਰਹਿੰਦੇ ਹੋ,

3ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਏਹ ਸੋਹਣਾ ਹੈ !

4ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, ਅਤੇ ਇਸਰਾਏਲ ਨੂੰ ਆਪਣੀ ਖਾਸ ਮਿਲਖ ਲਈ ਚੁਣ ਲਿਆ ਹੈ ।

5ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ ।

6ਜੋ ਕੁੱਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਡੂੰਘਿਆਈਆਂ ਵਿੱਚ ਕੀਤਾ !

7ਉਹ ਧਰਤੀ ਦੀਆਂ ਹੱਦਾਂ ਤੋਂ ਭਾਫ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,

8ਜਿਸ ਨੇ ਮਿਸਰ ਦੇ ਜੇਠਿਆਂ ਨੂੰ ਮਾਰਿਆ, ਇਨਸਾਨ ਤੋਂ ਲੈ ਕੇ ਡੰਗਰ ਤੱਕ ।

9ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, ਫਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ, —

10ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,

11ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਬਾਸ਼ਾਨ ਦੇ ਰਾਜੇ ਓਗ ਨੂੰ, ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ ।

12ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿਤੇ ।

13ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ !

14ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ ।

15ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।

16ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪ੍ਰ ਓਹ ਵੇਖਦੇ ਨਹੀਂ,

17ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਕੰਨ ਨਹੀਂ ਲਾਉਂਦੇ, — ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ !

18ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ! ।

19ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ !

20ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ ਦੇ ਭੈ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ !

21ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ, — ਹਲਲੂਯਾਹ ! ।


  Share Facebook  |  Share Twitter

 <<  Psalms 135 >> 


Bible2india.com
© 2010-2025
Help
Dual Panel

Laporan Masalah/Saran