1ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇ !
2ਕੌਮਾਂ ਇਉਂ ਆਖਣ, ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੋਊ ?
3ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ, ਉਹ ਨੇ ਜੋ ਚਾਹਿਆ ਸੋ ਕੀਤਾ ।
4ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ ।
5ਉਨ੍ਹਾਂ ਦੇ ਮੂੰਹ ਤਾਂ ਹਨ ਪਰ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ,
6ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ,
7ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜਦੇ ਨਹੀਂ, ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਭਰਦੇ ਹਨ !
8ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ ।
9ਹੇ ਇਸਰਾਏਲ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।
10ਹੇ ਹਾਰੂਨ ਦੇ ਘਰਾਣੇ, ਯਹੋਵਾਹ ਉੱਤੇ ਭਰੋਸਾ ਰੱਖ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।
11ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ ।
12ਯਹੋਵਾਹ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, ਉਹ ਇਸਰਾਏਲ ਦੇ ਘਰਾਣੇ ਨੂੰ ਬਰਕਤ ਦੇਵੇਗਾ, ਉਹ ਹਾਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ !
13ਉਹ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ, ਕੀ ਛੋਟੇ ਕੀ ਵੱਡੇ !
14ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ !
15ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ ।
16ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ ।
17ਮੁਰਦੇ ਯਹੋਵਾਹ ਦੀ ਉਸਤਤ ਨਹੀਂ ਕਰਦੇ, ਨਾ ਓਹ ਸਾਰੇ ਜਿਹੜੇ ਖਮੋਸ਼ੀ ਵਿੱਚ ਉਤਰ ਗਏ ਹਨ ।
18ਪਰ ਅਸੀਂ ਯਹੋਵਾਹ ਨੂੰ ਮੁਬਾਰਕ ਆਖਾਂਗਾ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ । ਹਲਲੂਯਾਹ ! ।