Bible 2 India Mobile
[VER] : [PUNJABI]     [PL]  [PB] 
 <<  Acts 4 >> 

1ਜਦੋਂ ਉਹ ਲੋਕਾਂ ਦੇ ਨਾਲ ਗੱਲਾਂ ਕਰ ਰਹੇ ਸਨ ਤਾਂ ਜਾਜਕ, ਹੈਕਲ ਦੇ ਅਧਿਕਾਰੀ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ ।

2ਕਿਉਂ ਜੋ ਉਹ ਇਸ ਗੱਲ ਤੋਂ ਗੁੱਸੇ ਹੋ ਗਏ ਸਨ ਜੋ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੁਰਦਿਆਂ ਦੇ ਜੀ ਉੱਠਣ ਦਾ ਉਪਦੇਸ਼ ਦਿੰਦੇ ਸਨ ।

3ਅਤੇ ਉਹਨਾਂ ਨੇ ਉਹਨਾਂ ਨੂੰ ਫੜ੍ਹ ਕੇ ਦੂਜੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂ ਜੋ ਹੁਣ ਸ਼ਾਮ ਪੈ ਗਈ ਸੀ ।

4ਫਿਰ ਵੀ ਉਹਨਾਂ ਵਿੱਚੋਂ ਜਿਹਨਾਂ ਨੇ ਬਚਨ ਸੁਣਿਆ, ਬਹੁਤਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਲੱਗਭਗ ਪੰਜ ਹਜ਼ਾਰ ਹੋ ਗਈ ।

5ਦੂਜੇ ਦਿਨ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਅਧਿਕਾਰੀ, ਬਜ਼ੁਰਗ ਅਤੇ ਉਪਦੇਸ਼ਕ ਯਰੂਸ਼ਲਮ ਵਿੱਚ ਇਕੱਠੇ ਹੋਏ ।

6ਅੰਨਾਸ ਪ੍ਰਧਾਨ ਜਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਪ੍ਰਧਾਨ ਜਾਜਕ ਦੇ ਘਰਾਣੇ ਦੇ ਸਾਰੇ ਲੋਕ ਵੀ ਉੱਥੇ ਸਨ ।

7ਫਿਰ ਉਹਨਾਂ ਨੂੰ ਵਿਚਾਲੇ ਖੜ੍ਹਾ ਕਰਕੇ ਪੁੱਛਿਆ, ਤੁਸੀਂ ਕਿਹੜੀ ਸਮਰੱਥਾ ਜਾਂ ਕਿਹੜੇ ਨਾਮ ਨਾਲ ਇਹ ਕੀਤਾ ?

8ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰ ਕੇ ਉਨ੍ਹਾਂ ਨੂੰ ਆਖਿਆ, ਹੇ ਕੌਮ ਦੇ ਅਧਿਕਾਰੀਓ ਅਤੇ ਬਜ਼ੁਰਗੋ,

9ਜੇ ਅੱਜ ਸਾਡੇ ਕੋਲੋਂ ਇਸ ਚੰਗੇ ਕੰਮ ਦੇ ਬਾਰੇ ਪੁੱਛਦੇ ਹੋ, ਜਿਹੜਾ ਇੱਕ ਬਲਹੀਨ ਮਨੁੱਖ ਨਾਲ ਹੋਇਆ ਕਿ ਉਹ ਕਿਸ ਤਰ੍ਹਾਂ ਚੰਗਾ ਕੀਤਾ ਗਿਆ ਹੈ ।

10ਤਾਂ ਤੁਹਾਨੂੰ ਸਭਨਾਂ ਨੂੰ ਅਤੇ ਇਸਰਾਏਲ ਦੇ ਸਾਰਿਆਂ ਲੋਕਾਂ ਨੂੰ ਪਤਾ ਹੋਵੇ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਜਿਸ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਅਤੇ ਉਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਉਸ ਤੋਂ ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ ।

11ਇਹ ਉਹ ਪੱਥਰ ਹੈ ਜਿਹ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਜਿਹੜਾ ਕੋਨੇ ਦਾ ਪੱਥਰ ਹੋ ਗਿਆ ।

12ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ ।

13ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਵੇਖਿਆ ਅਤੇ ਅਚਰਜ ਮੰਨਿਆ ਕਿ ਉਹ ਵਿਦਵਾਨ ਨਹੀਂ ਸਗੋਂ ਆਮ ਲੋਕ ਹੀ ਹਨ । ਫੇਰ ਉਹਨਾਂ ਨੂੰ ਪਛਾਣਿਆ, ਕਿ ਇਹ ਦੋਨੋ ਯਿਸੂ ਦੇ ਨਾਲ ਰਹੇ ਸਨ ।

14ਅਤੇ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਵੱਲ ਖੜ੍ਹਾ ਵੇਖ ਕੇ ਇਹ ਦੇ ਵਿਰੁੱਧ ਵਿੱਚ ਕੁੱਝ ਨਾਮ ਕਹਿ ਸਕੇ ।

15ਪਰ ਉਹਨਾਂ ਨੂੰ ਪ੍ਰਾਰਥਨਾ ਘਰ ਤੋਂ ਬਾਹਰ ਜਾਣ ਦਾ ਹੁਕਮ ਦੇ ਕੇ, ਉਹ ਆਪਸ ਵਿੱਚ ਯੋਜਨਾਂ ਬਣਾਉਣ ਲੱਗੇ ।

16ਅਤੇ ਕਿਹਾ ਕਿ ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ ? ਕਿਉਂਕਿ ਇਹ ਜੋ ਉਹਨਾਂ ਤੋਂ ਇੱਕ ਪੱਕਾ ਅਚਰਜ ਕੰਮ ਹੋਇਆ ਹੈ ਯਰੂਸ਼ਲਮ ਦੇ ਸਾਰੇ ਰਹਿਣ ਵਾਲਿਆਂ ਤੇ ਇਹ ਪਰਗਟ ਹੋਇਆ ਅਤੇ ਇਸ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ।

17ਆਓ, ਅਸੀਂ ਉਹਨਾਂ ਨੂੰ ਦਬਕਾਈਏ ਜੋ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ, ਤਾਂ ਜੋ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲ ਜਾਏ ।

18ਤਦ ਉਹਨਾਂ ਨੇ ਉਹਨਾਂ ਨੂੰ ਕੋਲ ਸੱਦ ਕੇ ਆਗਿਆ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ, ਨਾ ਕੋਈ ਚਰਚਾ ਕਰਨੀ ਅਤੇ ਨਾ ਹੀ ਸਿੱਖਿਆ ਦੇਣੀ ।

19ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਫ਼ੈਸਲਾ ਕਰੋ, ਕੀ ਪਰਮੇਸ਼ੁਰ ਦੇ ਅੱਗੇ ਇਹ ਯੋਗ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਤੁਹਾਡੀ ਵੱਧ ਸੁਣੀਏ ? ।

20ਕਿਉਂਕਿ ਇਹ ਸਾਡੇ ਕੋਲੋਂ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ ।

21ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁੱਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ ।

22ਕਿਉਂ ਜੋ ਉਹ ਮਨੁੱਖ ਜਿਸ ਨੂੰ ਉਹਨਾਂ ਨੇ ਚੰਗਾ ਕੀਤਾ ਸੀ ਉਹ ਚਾਲ੍ਹੀ ਸਾਲ ਤੋਂ ਜਿਆਦਾ ਉਮਰ ਦਾ ਸੀ ।

23ਫਿਰ ਜਦੋਂ ਉਹਨਾਂ ਨੂੰ ਛੱਡ ਦਿੱਤਾ ਤਾਂ, ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁੱਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ, ਦੱਸ ਦਿੱਤਾ ।

24ਜਦੋਂ ਉਨ੍ਹਾਂ ਨੇ ਇਹ ਸੁਣਿਆ ਤਦ ਉਹਨਾਂ ਨੇ ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ ਆਖਿਆ, ਹੇ ਪਰਮੇਸ਼ੁਰ, ਤੁਸੀਂ ਹੀ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ, ਰਚਿਆ ।

25ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੀ ਜੁਬਾਨੀ ਆਖਿਆ, “ਕੌਮਾਂ ਕਿਉਂ ਡੰਡ ਪਾਈ ਹੈ, ਅਤੇ ਉੱਮਤਾਂ ਨੇ ਵਿਅਰਥ ਸੋਚਾਂ ਕਿਉਂ ਸੋਚੀਆਂ ਹਨ ? ”

26ਪ੍ਰਭੂ ਅਤੇ ਉਹ ਦੇ ਮਸਹ ਕੀਤੇ ਹੋਏ ਦੇ ਵਿਰੁੱਧ, ਧਰਤੀ ਦੇ ਰਾਜੇ ਅਤੇ ਹਾਕਮ ਇਕੱਠੇ ਖੜੇ ਹੋਏ, ।

27ਕਿਉਂਕਿ ਸੱਚ-ਮੁੱਚ ਇਸ ਸ਼ਹਿਰ ਵਿੱਚ ਤੇਰੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਸ ਨੂੰ ਤੁਸੀਂ ਮਸਹ ਕੀਤਾ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ ।

28ਇਸ ਲਈ ਕਿ ਜੋ ਕੁੱਝ ਤੇਰੀ ਸ਼ਕਤੀ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਹੀ ਠਹਿਰਾਇਆ ਗਿਆ ਸੀ, ਉਹੀ ਕਰੇ ।

29ਅਤੇ ਹੁਣ ਹੇ, ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਸ਼ਕਤੀ ਦੇ, ਕਿ ਤੇਰਾ ਬਚਨ ਬਿਨ੍ਹਾਂ ਡਰੇ ਸੁਣਾਉਣ ।

30ਜਦੋਂ ਤੁਸੀਂ ਆਪਣਾ ਹੱਥ ਚੰਗਾ ਕਰਨ ਲਈ ਵਧਾਓ, ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਵਿੱਚ ਨਿਸ਼ਾਨ ਅਤੇ ਅਚਰਜ ਕੰਮ ਹੋਣ ।

31ਜਦੋਂ ਉਹ ਬੇਨਤੀ ਕਰ ਹਟੇ ਤਾਂ, ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਿਆ ਅਤੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ੁਰ ਦਾ ਬਚਨ ਬਿਨ੍ਹਾਂ ਡਰੇ ਸੁਣਾਉਣ ਲੱਗੇ ।

32ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕਿਸੇ ਨੇ ਆਪਣੀ ਜਾਇਦਾਦ ਵਿੱਚੋਂ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ ਪਰ ਉਹ ਸਾਰੀਆਂ ਵਸਤਾਂ ਵਿੱਚ ਸਾਂਝੀਦਾਰ ਸਨ ।

33ਅਤੇ ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਉਨ੍ਹਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ ।

34ਉਨ੍ਹਾਂ ਵਿੱਚੋਂ ਕੋਈ ਵੀ ਗਰੀਬ ਨਹੀਂ ਸੀ ਇਸ ਲਈ ਕਿ ਜਿਹੜੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ ਉਹ ਉਨ੍ਹਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ।

35ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ ਅਤੇ ਹਰੇਕ ਨੂੰ ਉਹ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ ।

36ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ ।

37ਉਹ ਦੇ ਕੋਲ ਆਪਣੀ ਜ਼ਮੀਨ ਸੀ ਉਸ ਨੇ ਉਹ ਨੂੰ ਵੇਚ ਕੇ ਮੁੱਲ ਦਾ ਰੁਪਿਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।


  Share Facebook  |  Share Twitter

 <<  Acts 4 >> 


Bible2india.com
© 2010-2025
Help
Dual Panel

Laporan Masalah/Saran