Bible 2 India Mobile
[VER] : [PUNJABI]     [PL]  [PB] 
 <<  Acts 3 >> 

1ਪਤਰਸ ਅਤੇ ਯੂਹੰਨਾ ਤੀਜੇ ਪਹਿਰ ਪ੍ਰਾਰਥਨਾ ਕਰਨ ਦੇ ਲਈ ਹੈਕਲ ਨੂੰ ਜਾ ਰਹੇ ਸਨ ।

2ਅਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਚੁੱਕੀ ਲਈ ਆ ਰਹੇ ਸਨ, ਜਿਸ ਨੂੰ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜਿਹੜਾ ਸੋਹਣਾ ਅਖਵਾਉਂਦਾ ਹੈਂ, ਬਿਠਾ ਦਿੰਦੇ ਸਨ, ਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ ।

3ਜਦੋਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗੀ ।

4ਪਤਰਸ ਅਤੇ ਯੂਹੰਨਾ ਨੇ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੇ ਵੱਲ ਵੇਖ

5ਤਾਂ ਉਹ ਨੇ ਉਨ੍ਹਾਂ ਕੋਲੋਂ ਕੁੱਝ ਮਿਲਣ ਦੀ ਆਸ ਕਰਕੇ ਉਨ੍ਹਾਂ ਵੱਲ ਵੇਖਿਆ ।

6ਪਰ ਪਤਰਸ ਨੇ ਆਖਿਆ, ਸੋਨਾ ਤੇ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ । ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ !

7ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ੍ਹ ਕੇ ਉਹ ਨੂੰ ਉੱਠਾਇਆ । ਓਸੇ ਵੇਲੇ ਉਹ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ ।

8ਅਤੇ ਉਹ ਉੱਠ ਖੜ੍ਹਾ ਹੋਇਆ ਅਤੇ ਤੁਰਨ ਲੱਗਾ, ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ, ਉਨ੍ਹਾਂ ਨਾਲ ਹੈਕਲ ਵਿੱਚ ਗਿਆ ।

9ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਮਹਿਮਾ ਕਰਦਾ ਵੇਖਿਆ ।

10ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੀ ਹੈ ਜਿਹੜਾ ਹੈਕਲ ਦੇ ਸੋਹਣੇ ਦਰਵਾਜ਼ੇ ਤੇ ਭੀਖ ਮੰਗਣ ਲਈ ਬੈਠਦਾ ਹੁੰਦਾ ਸੀ, ਅਤੇ ਜੋ ਉਹ ਦੇ ਨਾਲ ਵਾਪਰਿਆ, ਉਹ ਬਹੁਤ ਹੈਰਾਨ ਤੇ ਅਚਰਜ ਹੋਏ ।

11ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਦੇ ਨਾਲ ਸੀ, ਸਾਰੇ ਲੋਕ ਬਹੁਤ ਹੈਰਾਨ ਹੋਏ, ਉਸ ਦਲਾਨ ਵਿੱਚ ਦੌੜੇ ਆਏ, ਜਿਹੜਾ ਸੁਲੇਮਾਨ ਦਾ ਸੀ, ।

12ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, ਹੇ ਇਸਰਾਏਲੀਓ ਮਨੁੱਖ ਬਾਰੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਡੇ ਵੱਲ ਇਸ ਤਰ੍ਹਾਂ ਕਿਉਂ ਵੇਖਦੇ ਹੋ, ਕਿ ਜਿਵੇਂ ਅਸੀਂ ਆਪਣੀ ਸ਼ਕਤੀ ਜਾਂ ਭਗਤੀ ਨਾਲ ਇਸ ਨੂੰ ਤੁਰਨ ਦੀ ਸਮਰੱਥਾ ਦਿੱਤੀ ਹੋਵੇ ?

13ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ, ਜਿਸ ਨੂੰ ਤੁਸੀਂ ਫੜਵਾ ਦਿੱਤਾ ਅਤੇ ਪਿਲਾਤੁਸ ਦੇ ਸਾਹਮਣੇ ਯਿਸੂ ਤੋਂ ਇਨਕਾਰ ਕੀਤਾ ਜਦੋਂ ਉਸ ਨੇ ਉਹ ਨੂੰ ਛੱਡ ਦੇਣ ਦਾ ਵਿਚਾਰ ਕੀਤਾ ਸੀ ।

14ਪਰ ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਇਹ ਮੰਗ ਕੀਤੀ ਕਿ ਤੁਹਾਡੇ ਲਈ ਖੂਨੀ ਛੱਡਿਆ ਜਾਵੇ ।

15ਅਤੇ ਜੀਵਨ ਦੇਣ ਵਾਲੇ ਨੂੰ ਮਾਰ ਸੁੱਟਿਆ, ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਅਸੀਂ ਇਸ ਗੱਲ ਦੇ ਗਵਾਹ ਹਾਂ ।

16ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ । ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ ।

17ਅਤੇ ਹੁਣ ਹੇ ਭਰਾਵੋ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ ।

18ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ੁਬਾਨੀ ਪਹਿਲਾਂ ਹੀ ਖ਼ਬਰ ਦਿੱਤੀ ਸੀ, ਕਿ ਮੇਰਾ ਮਸੀਹ ਦੁੱਖ ਉੱਠਾਵੇਗਾ, ਇਸ ਕਰਕੇ ਉਸ ਨੇ ਇਸ ਨੂੰ ਪੂਰਾ ਕੀਤਾ ।

19ਇਸ ਲਈ ਤੋਬਾ ਕਰੋ ਅਤੇ ਮੁੜੋ, ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ।

20ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਯਿਸੂ ਨੂੰ ਭੇਜ ਦੇਵੇ ।

21ਜ਼ਰੂਰ ਹੈ, ਜੋ ਉਹ ਸਵਰਗ ਵਿੱਚ ਰਹੇ, ਜਦੋਂ ਤੱਕ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾਂ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਸ਼ੁਰੂ ਤੋਂ ਹੀ ਆਖਿਆ ਸੀ ।

22ਮੂਸਾ ਨੇ ਤਾਂ ਆਖਿਆ, ਪ੍ਰਭੂ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ । ਜੋ ਕੁੱਝ ਉਹ ਤੁਹਾਨੂੰ ਆਖੇ, ਉਸ ਨੂੰ ਸੁਣੋ ।

23ਅਤੇ ਇਸ ਤਰ੍ਹਾਂ ਹੋਵੇਗਾ ਕਿ ਹਰੇਕ ਜਾਨ ਜੋ ਉਸ ਨਬੀ ਦੀ ਨਾ ਸੁਣੇ, ਲੋਕਾਂ ਵਿੱਚੋਂ ਨਾਸ ਕੀਤੀ ਜਾਵੇ ।

24ਅਤੇ ਸਾਰੇ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆਂ ਨੇ ਬਚਨ ਕੀਤਾ, ਉਨ੍ਹਾਂ ਨੇ ਵੀ ਇਨ੍ਹਾਂ ਹੀ ਦਿਨਾਂ ਦੀ ਖ਼ਬਰ ਦਿੱਤੀ ।

25ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤਰ ਹੋ ਜਿਸ ਨੂੰ ਪਰਮੇਸ਼ੁਰ ਨੇ ਤੁਹਾਡੇ ਬਾਪ ਦਾਦਿਆਂ ਨਾਲ ਕੀਤਾ ਸੀ, ਜਦੋਂ ਅਬਰਾਹਾਮ ਨੂੰ ਆਖਿਆ ਕਿ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ ।

26ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜ੍ਹਾ ਕਰਕੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ ।


  Share Facebook  |  Share Twitter

 <<  Acts 3 >> 


Bible2india.com
© 2010-2025
Help
Dual Panel

Laporan Masalah/Saran