Bible 2 India Mobile
[VER] : [PUNJABI]     [PL]  [PB] 
 <<  The Song of Songs 5 >> 

1ਹੇ ਮੇਰੀ ਪਿਆਰੀ, ਮੇਰੀ ਵਹੁਟੀਏ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ, ਮੈਂ ਆਪਣਾ ਗੰਧਰਸ ਆਪਣੇ ਮਸਾਲੇ ਸਮੇਤ ਇਕੱਠਾ ਕਰ ਲਿਆ ਹੈ, ਮੈਂ ਸ਼ਹਿਦ ਸਮੇਤ ਆਪਣਾ ਛੱਤਾ ਖਾ ਲਿਆ ਹੈ, ਮੈਂ ਆਪਣੀ ਮਧ ਦੁੱਧ ਸਮੇਤ ਪੀ ਲਈ ਹੈ । ਸਾਥੀਓ, ਖਾਓ ! ਪਿਆਰਿਓ, ਪੀਓ, ਰੱਜ ਕੇ ਪੀਓ !

2ਮੈਂ ਸੁੱਤੀ ਹੋਈ ਸੀ ਪਰ ਮੇਰਾ ਮਨ ਜਾਗਦਾ ਸੀ, ਇਹ ਮੇਰੇ ਬਾਲਮ ਦੀ ਅਵਾਜ਼ ਹੈ ਜਿਹੜਾ ਖੜਕਾਉਂਦਾ ਹੈ, "ਹੇ ਮੇਰੀ ਪਿਆਰੀ, ਮੇਰੀ ਪ੍ਰੀਤਮਾ, ਮੇਰੀ ਕਬੂਤਰੀ, ਮੇਰੀ ਨਿਰਮਲ, ਮੇਰੇ ਲਈ ਬੂਹਾ ਖੋਲ੍ਹ ! ਮੇਰਾ ਸਿਰ ਤ੍ਰੇਲ ਨਾਲ ਭਰਿਆ ਹੋਇਆ ਹੈ, ਮੇਰੀਆਂ ਲਟਾਂ ਰਾਤ ਦੀਆਂ ਬੂੰਦਾਂ ਨਾਲ ਭਿੱਜੀਆਂ ਹੋਈਆਂ ਹਨ ।

3ਮੈਂ ਆਪਣਾ ਕੁੜਤਾ ਲਾਹ ਚੁੱਕੀ ਹਾਂ, ਮੈਂ ਉਹ ਨੂੰ ਕਿਵੇਂ ਪਾਵਾਂ ? ਮੈਂ ਆਪਣੇ ਪੈਰ ਧੋ ਚੁੱਕੀ ਹਾਂ, ਮੈਂ ਉਨ੍ਹਾਂ ਨੂੰ ਮੈਲੇ ਕਿਵੇਂ ਕਰਾਂ ?

4ਮੇਰੇ ਬਾਲਮ ਨੇ ਛੇਕ ਦੇ ਵਿੱਚੋਂ ਦੀ ਹੱਥ ਪਾਇਆ, ਮੇਰਾ ਦਿਲ ਉਹ ਦੇ ਕਾਰਨ ਉੱਛਲ ਪਿਆ !

5ਮੈਂ ਉੱਠੀ ਕਿ ਆਪਣੇ ਬਾਲਮ ਲਈ ਦਰਵਾਜ਼ਾ ਖੋਲ੍ਹਾਂ, ਮੇਰੇ ਹੱਥਾਂ ਤੋਂ ਗੰਧਰਸ ਅਤੇ ਮੇਰੀਆਂ ਉਂਗਲੀਆਂ ਤੋਂ ਵੀ ਪਤਲਾ ਗੰਧਰਸ ਬੂਹੇ ਦੇ ਕੁੰਡੇ ਉੱਤੇ ਚੋ ਪਿਆ ।

6ਮੈਂ ਆਪਣੇ ਬਾਲਮ ਲਈ ਖੋਲ੍ਹਿਆ ਪਰ ਮੇਰਾ ਬਾਲਮ ਮੁੜ ਕੇ ਚਲਾ ਗਿਆ ਸੀ, ਮੇਰਾ ਦਿਲ ਘਬਰਾ ਗਿਆ ਜਦ ਉਹ ਬੋਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਲੱਭਾ ਨਾ, ਮੈਂ ਉਹ ਨੂੰ ਪੁਕਾਰਿਆ ਪਰ ਉਸ ਮੈਨੂੰ ਉੱਤਰ ਨਾ ਦਿੱਤਾ ।

7ਪਹਿਰੇਦਾਰ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, ਉਨ੍ਹਾਂ ਨੇ ਮੈਨੂੰ ਮਾਰਿਆ ਤੇ ਜ਼ਖ਼ਮੀ ਕਰ ਸੁੱਟਿਆ, ਸ਼ਹਿਰ ਪਨਾਹ ਦੇ ਪਹਿਰੇਦਾਰਾਂ ਨੇ ਮੇਰੀ ਚਾਦਰ ਮੇਰੇ ਉੱਤੋਂ ਲਾਹ ਲਈ ।

8ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ, ਤਾਂ ਉਸ ਨੂੰ ਦੱਸਣਾ ਕਿ ਮੈ ਪ੍ਰੀਤ ਦੀ ਰੋਗਣ ਹਾਂ ।

9ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਹੇ ਇਸਤਰੀਆਂ ਵਿੱਚੋਂ ਰੂਪਵੰਤ ! ਤੇਰਾ ਬਾਲਮ ਦੂਜੇ ਬਲਮਾਂ ਨਾਲੋਂ ਕਿਵੇਂ ਵੱਧ ਹੈ, ਜੋ ਤੂੰ ਸਾਨੂੰ ਅਜਿਹੀ ਸਹੁੰ ਚੁਕਾਉਂਦੀ ਹੈਂ !

10ਮੇਰਾ ਬਾਲਮ ਗੋਰਾ ਤੇ ਲਾਲ ਹੈ, ਉਹ ਦਸ ਹਜ਼ਾਰਾਂ ਵਿੱਚੋਂ ਉੱਤਮ ਹੈ !

11ਉਸ ਦਾ ਸਿਰ ਕੁੰਦਨ ਸੋਨਾ ਹੈ, ਉਸ ਦੇ ਵਾਲ ਘੁੰਗਰਾਲੇ ਤੇ ਪਹਾੜੀ ਕਾਂ ਵਾਂਗੂੰ ਕਾਲੇ ਹਨ ।

12ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਕਬੂਤਰਾਂ ਵਾਂਗੂੰ ਹਨ, ਜਿਹੜੇ ਦੁੱਧ ਨਾਲ ਨਹਾ ਕੇ ਆਪਣੇ ਝੁੰਡ ਦੇ ਨਾਲ ਕਤਾਰ ਵਿੱਚ ਬੈਠੇ ਹਨ ।

13ਉਸ ਦੀਆਂ ਗੱਲਾਂ ਬਲਸਾਨ ਦੀਆਂ ਕਿਆਰੀਆਂ, ਅਤੇ ਸੁਗੰਧ ਦੀਆਂ ਬੁਰਜੀਆਂ ਵਾਂਗੂੰ ਹਨ, ਉਸ ਦੇ ਬੁੱਲ ਸੋਸਨ ਹਨ, ਜਿਨ੍ਹਾਂ ਤੋਂ ਤਰਲ ਗੰਧਰਸ ਚੋਂਦਾ ਹੈ ।

14ਉਸ ਦੇ ਹੱਥ ਸੋਨੇ ਦੀਆਂ ਛੜਾਂ ਵਰਗੇ ਹਨ ਜਿਨ੍ਹਾਂ ਦੇ ਉੱਤੇ ਪੁਖਰਾਜ ਜੜੇ ਹੋਣ । ਉਸ ਦਾ ਸਰੀਰ ਹਾਥੀ ਦੇ ਦੰਦ ਦੀ ਬਣਤ ਦਾ ਹੈ, ਜਿਸ ਦੇ ਉੱਤੇ ਨੀਲਮ ਦੀ ਸਜਾਵਟ ਹੈ ।

15ਉਸ ਦੀਆਂ ਲੱਤਾਂ ਸੰਗਮਰਮਰ ਦੇ ਥੰਮ੍ਹਾਂ ਵਰਗੀਆਂ ਹਨ, ਜਿਹੜੀਆਂ ਕੁੰਦਨ ਸੋਨੇ ਦੇ ਤਲ ਉੱਤੇ ਰੱਖੀਆਂ ਹੋਈਆਂ ਹਨ । ਉਹ ਵੇਖਣ ਵਿੱਚ ਲਬਾਨੋਨ ਵਰਗਾ, ਅਤੇ ਦਿਆਰ ਵਾਂਗੂੰ ਉੱਤਮ ਹੈ ।

16ਉਸ ਦਾ ਬੋਲ ਬਹੁਤ ਮਿੱਠਾ ਹੈ, ਉਹ ਸਾਰੇ ਦਾ ਸਾਰਾ ਮਨ ਭਾਉਣਾ ਹੈ ! ਹੇ ਯਰੂਸ਼ਲਮ ਦੀਓ ਧੀਓ, ਇਹ ਮੇਰਾ ਬਾਲਮ ਅਤੇ ਇਹੋ ਮੇਰਾ ਪਿਆਰਾ ਹੈ ।


  Share Facebook  |  Share Twitter

 <<  The Song of Songs 5 >> 


Bible2india.com
© 2010-2025
Help
Dual Panel

Laporan Masalah/Saran