Bible 2 India Mobile
[VER] : [PUNJABI]     [PL]  [PB] 
 <<  Exodus 5 >> 

1ਇਸ ਦੇ ਬਾਅਦ ਮੂਸਾ ਅਤੇ ਹਾਰੂਨ ਨੇ ਜਾਕੇ ਫ਼ਿਰਊਨ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਉਜਾੜ ਵਿੱਚ ਮੇਰਾ ਪਰਬ ਮਨਾਵੇ ।

2ਪਰ ਫ਼ਿਰਊਨ ਨੇ ਆਖਿਆ, ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਬਿਲਕੁਲ ਵੀ ਨਹੀਂ ਜਾਣ ਦੇਵਾਂਗਾ ।

3ਫਿਰ ਉਨ੍ਹਾਂ ਨੇ ਆਖਿਆ, ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ । ਸਾਨੂੰ ਤਿੰਨ ਦਿਨਾਂ ਦੇ ਰਸਤੇ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਲਈ ਬਲੀਆਂ ਚੜ੍ਹਾਈਏ ਕਿਤੇ ਅਜਿਹਾ ਨਾ ਹੋਵੇ ਕਿ ਉਹ ਸਾਡੇ ਉੱਤੇ ਮਰੀ ਜਾਂ ਤਲਵਾਰ ਨਾਲ ਚੜ੍ਹਾਈ ਕਰੇ ।

4ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਆਖਿਆ, ਹੇ ਮੂਸਾ ਅਤੇ ਹੇ ਹਾਰੂਨ, ਤੁਸੀਂ ਕਿਉਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਕੰਮ ਛੁਡਾਉਂਦੇ ਹੋ ? ਤੁਸੀਂ ਜਾ ਕੇ ਆਪਣੇ-ਆਪਣੇ ਕੰਮ ਕਰੋ ।

5ਫ਼ਿਰਊਨ ਨੇ ਇਹ ਵੀ ਆਖਿਆ, ਵੇਖੋ ਹੁਣ ਉਸ ਧਰਤੀ ਦੇ ਲੋਕ ਬਹੁਤ ਹਨ ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਬੇਗ਼ਾਰ ਤੋਂ ਅਰਾਮ ਕਰਾਉਂਦੇ ਹੋ ।

6ਉਸੇ ਦਿਨ ਫ਼ਿਰਊਨ ਨੇ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਦੇ ਗ਼ੁਲਾਮੀ ਕਰਾਉਣ ਵਾਲਿਆਂ ਨੂੰ ਇਹ ਹੁਕਮ ਦਿੱਤਾ

7ਕਿ ਤੁਸੀਂ ਲੋਕਾਂ ਨੂੰ ਅੱਗੇ ਵਾਂਗੂੰ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ । ਉਹ ਆਪਣੇ ਲਈ ਆਪ ਜਾ ਕੇ ਤੂੜੀ ਇਕੱਠੀ ਕਰਨ

8ਤੁਸੀਂ ਓਨੀਆਂ ਹੀ ਇੱਟਾਂ ਜਿੰਨੀਆਂ ਉਹ ਅੱਗੇ ਬਣਾਉਂਦੇ ਸਨ ਉਨ੍ਹਾਂ ਤੋਂ ਬਣਵਾਓ । ਤੁਸੀਂ ਉਨ੍ਹਾਂ ਵਿੱਚੋਂ ਕੁੱਝ ਨਾ ਘਟਾਓ ਕਿਉਂ ਜੋ ਉਹ ਵੇਹਲੇ ਰਹਿੰਦੇ ਹਨ ਇਸੇ ਲਈ ਉਹ ਇਹ ਦੁਹਾਈ ਦਿੰਦੇ ਹਨ ਕਿ ਅਸੀਂ ਜਾ ਕੇ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ ।

9ਉਹ ਸੇਵਾ ਉਨ੍ਹਾਂ ਮਨੁੱਖਾਂ ਉੱਤੇ ਹੋਰ ਭਾਰੀ ਕੀਤੀ ਜਾਵੇ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ ਅਤੇ ਝੂਠੀਆਂ ਗੱਲਾਂ ਉੱਤੇ ਧਿਆਨ ਨਾ ਦੇਣ ।

10ਤਦ ਲੋਕਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਅਤੇ ਉਨ੍ਹਾਂ ਤੋਂ ਗ਼ੁਲਾਮੀ ਕਰਾਉਣ ਵਾਲਿਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ ਕਿ ਫ਼ਿਰਊਨ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਤੁਹਾਨੂੰ ਤੂੜੀ ਨਹੀਂ ਦਿਆਂਗਾ ।

11ਤੁਸੀਂ ਜਾਓ ਅਤੇ ਆਪਣੇ ਲਈ ਤੂੜੀ ਜਿੱਥੋਂ ਤੁਹਾਨੂੰ ਲੱਭੇ ਆਪ ਲਿਆਓ । ਤੁਹਾਡੀ ਸੇਵਾ ਤੋਂ ਕੁੱਝ ਵੀ ਨਹੀਂ ਘਟੇਗਾ ।

12ਤਦ ਉਹ ਲੋਕ ਸਾਰੇ ਮਿਸਰ ਦੇਸ ਵਿੱਚ ਤੂੜੀ ਦੀ ਥਾਂ ਭੁੱਠਾ ਚੁਗਣ ਲਈ ਤਿੱਤਰ-ਬਿੱਤਰ ਹੋ ਗਏ ।

13ਬੇਗ਼ਾਰ ਕਰਾਉਣ ਵਾਲਿਆਂ ਨੇ ਜ਼ੋਰ ਕਰ ਕੇ ਆਖਿਆ, ਤੁਸੀਂ ਆਪਣਾ ਰੋਜ਼ ਦਾ ਕੰਮ ਰੋਜ਼ ਪੂਰਾ ਕਰੋ ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ ।

14ਇਸਰਾਏਲੀਆਂ ਦੇ ਸਰਦਾਰਾਂ ਨੇ ਜਿਨ੍ਹਾਂ ਨੂੰ ਫ਼ਿਰਊਨ ਦੇ ਬੇਗ਼ਾਰ ਕਰਾਉਣ ਵਾਲਿਆਂ ਨੇ ਉਨ੍ਹਾਂ ਉੱਤੇ ਨਿਯੁਕਤ ਕੀਤਾ ਹੋਇਆ ਸੀ, ਮਾਰ ਖਾਧੀ । ਉਨ੍ਹਾਂ ਨੂੰ ਇਹ ਆਖਿਆ ਗਿਆ ਕਿ ਤੁਸੀਂ ਆਪਣਾ ਇੱਟਾਂ ਬਣਾਉਣ ਦਾ ਕੰਮ ਕੱਲ ਪਰਸੋਂ ਤੇ ਅੱਜ ਵੀ ਪੂਰਾ ਕਿਉਂ ਨਹੀਂ ਕੀਤਾ ? ।

15ਤਦ ਇਸਰਾਏਲੀਆਂ ਦੇ ਸਰਦਾਰ ਅੰਦਰ ਆਏ ਅਤੇ ਫ਼ਿਰਊਨ ਕੋਲ ਦੁਹਾਈ ਦਿੱਤੀ ਕਿ ਤੁਸੀਂ ਆਪਣੇ ਦਾਸਾਂ ਨਾਲ ਅਜਿਹਾ ਕਿਉਂ ਕੀਤਾ ?

16ਤੁਹਾਡੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ ਅਤੇ ਸਾਨੂੰ ਆਖਦੇ ਹਨ, ਇੱਟਾਂ ਬਣਾਓ ! ਵੇਖੋ, ਤੁਹਾਡੇ ਦਾਸਾਂ ਨੂੰ ਮਾਰ ਪੈਂਦੀ ਹੈ । ਦੋਸ਼ ਤੁਹਾਡੇ ਲੋਕਾਂ ਦਾ ਹੈ ।

17ਉਸ ਨੇ ਆਖਿਆ, ਤੁਸੀਂ ਆਲਸੀ ਹੋ, ਢਿੱਲੇ ! ਇਸੇ ਕਰਕੇ ਤੁਸੀਂ ਆਖੀ ਜਾਂਦੇ ਹੋ, ਸਾਨੂੰ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਲਈ ਬਲੀਆਂ ਚੜ੍ਹਾਈਏ ।

18ਹੁਣ ਜਾਓ ਅਤੇ ਕੰਮ ਕਰੋ ਪਰ ਤੂੜੀ ਤੁਹਾਨੂੰ ਨਹੀਂ ਦਿੱਤੀ ਜਾਵੇਗੀ ਅਤੇ ਇੱਟਾਂ ਦਾ ਹਿਸਾਬ ਪੂਰਾ ਕਰਨਾ ਪਵੇਗਾ ।

19ਤਦ ਇਸਰਾਏਲੀਆਂ ਦੇ ਸਰਦਾਰਾਂ ਨੇ ਵੇਖ ਲਿਆ ਕਿ ਅਸੀਂ ਬੁਰੇ ਹਾਲ ਵਿੱਚ ਹਾਂ, ਜਦ ਆਖਿਆ ਜਾਂਦਾ ਹੈ, ਤੁਸੀਂ ਆਪਣੇ ਰੋਜ਼ ਦੇ ਇੱਟਾਂ ਦੇ ਕੰਮ ਵਿੱਚੋਂ ਕੁੱਝ ਨਾ ਘਟਾਓ ।

20ਜਦ ਉਹ ਫ਼ਿਰਊਨ ਕੋਲੋਂ ਬਾਹਰ ਨਿੱਕਲੇ ਤਦ ਮੂਸਾ ਅਤੇ ਹਾਰੂਨ ਨੂੰ ਜਿਹੜੇ ਉਨ੍ਹਾਂ ਦੇ ਮਿਲਣ ਨੂੰ ਰਾਹ ਵਿੱਚ ਖੜ੍ਹੇ ਸਨ, ਮਿਲੇ ।

21ਤਦ ਉਨ੍ਹਾਂ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਤੁਹਾਨੂੰ ਵੇਖੇ ਤੇ ਨਿਆਂ ਕਰੇ ਕਿਉਂ ਜੋ ਤੁਸੀਂ ਸਾਡੀ ਬਾਸ਼ਨਾ ਫ਼ਿਰਊਨ ਦੇ ਅੱਗੇ ਅਤੇ ਉਸ ਦੇ ਸੇਵਕਾਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ ਅਤੇ ਸਾਨੂੰ ਜਾਨ ਤੋਂ ਮਾਰਨ ਲਈ ਉਨ੍ਹਾਂ ਦੇ ਹੱਥ ਵਿੱਚ ਤੇਗ ਦੇ ਦਿੱਤੀ ਹੈ ।

22ਫਿਰ ਮੂਸਾ ਯਹੋਵਾਹ ਵੱਲ ਮੁੜਿਆ ਅਤੇ ਆਖਿਆ, ਹੇ ਪ੍ਰਭੂ, ਤੂੰ ਕਿਉਂ ਇਸ ਪਰਜਾ ਉੱਤੇ ਬੁਰਿਆਈ ਆਉਣ ਦਿੱਤੀ ਅਤੇ ਤੂੰ ਮੈਨੂੰ ਕਿਉਂ ਭੇਜਿਆ ?

23ਕਿਉਂਕਿ ਜਿਸ ਵੇਲੇ ਤੋਂ ਮੈਂ ਤੇਰਾ ਨਾਮ ਲੈ ਕੇ ਫ਼ਿਰਊਨ ਨਾਲ ਗੱਲਾਂ ਕਰਨ ਲਈ ਆਇਆ ਤਦ ਤੋਂ ਹੀ ਉਸ ਨੇ ਇਸ ਪਰਜਾ ਨਾਲ ਬੁਰਿਆਈ ਕੀਤੀ ਅਤੇ ਤੂੰ ਵੀ ਆਪਣੀ ਪਰਜਾ ਨੂੰ ਛੁਟਕਾਰਾ ਨਾ ਦਿੱਤਾ ।


  Share Facebook  |  Share Twitter

 <<  Exodus 5 >> 


Bible2india.com
© 2010-2025
Help
Dual Panel

Laporan Masalah/Saran