Bible 2 India Mobile
[VER] : [PUNJABI]     [PL]  [PB] 
 <<  Exodus 20 >> 

1ਫਿਰ ਪਰਮੇਸ਼ੁਰ ਇਹ ਸਾਰੀਆਂ ਗੱਲਾਂ ਬੋਲਿਆ ਕਿ

2ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗ਼ੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ ।

3ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ ।

4ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ ।

5ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ-ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ ।

6ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ ।

7ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ ।

8ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ।

9ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ-ਧੰਦਾ ਕਰ

10ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ । ਤੂੰ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤਰ ਨਾ ਤੇਰੀ ਧੀ ਨਾ ਤੇਰਾ ਗੋਲਾ ਨਾ ਤੇਰੀ ਗੋਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ।

11ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁੱਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸ਼ਰਾਮ ਕੀਤਾ । ਇਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ ।

12ਤੂੰ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ ।

13ਤੂੰ ਖੂਨ ਨਾ ਕਰ ।

14ਤੂੰ ਜ਼ਨਾਹ ਨਾ ਕਰ ।

15ਤੂੰ ਚੋਰੀ ਨਾ ਕਰ ।

16ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ ।

17ਤੂੰ ਆਪਣੇ ਗਵਾਂਢੀ ਦੇ ਘਰ ਦੀ ਲਾਲਸਾ ਨਾ ਕਰ । ਤੂੰ ਆਪਣੇ ਗਵਾਂਢੀ ਦੀ ਔਰਤ ਦੀ ਲਾਲਸਾ ਨਾ ਕਰ, ਨਾ ਉਸ ਦੇ ਗੋਲੇ ਦੀ, ਨਾ ਉਸ ਦੀ ਗੋਲੀ ਦੀ, ਨਾ ਉਸ ਦੇ ਬਲ਼ਦ ਦੀ, ਨਾ ਉਸ ਦੇ ਗਧੇ ਦੀ, ਨਾ ਕਿਸੇ ਚੀਜ਼ ਦੀ ਜਿਹੜੀ ਤੇਰੇ ਗਵਾਂਢੀ ਦੀ ਹੈ ।

18ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਹਾੜ ਤੋਂ ਧੂੰਆ ਵੇਖ ਰਹੀ ਸੀ ਅਤੇ ਜਦ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਅਤੇ ਦੂਰ ਜਾ ਖੜੀ ਹੋਈ ।

19ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਕਰ ਤਾਂ ਅਸੀਂ ਸੁਣਾਂਗੇ । ਪਰ ਪਰਮੇਸ਼ੁਰ ਸਾਡੇ ਨਾਲ ਗੱਲਾਂ ਨਾ ਕਰੇ ਕਿ ਅਸੀਂ ਕਿਤੇ ਮਰ ਨਾ ਜਾਈਏ ।

20ਤਦ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਇਸ ਲਈ ਆਇਆ ਹੈ ਕਿ ਤੁਹਾਨੂੰ ਪਰਤਾਵੇ ਅਤੇ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ ।

21ਤਾਂ ਪਰਜਾ ਦੂਰ ਖੜੀ ਰਹੀ ਪਰ ਮੂਸਾ ਉਸ ਘੁੱਪ ਹਨੇਰ ਦੇ ਕੋਲ ਢੁੱਕਾ ਜਿੱਥੇ ਪਰਮੇਸ਼ੁਰ ਸੀ ।

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਇਸ ਤਰ੍ਹਾਂ ਫ਼ਰਮਾ, ਤੁਸੀਂ ਵੇਖਿਆ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਬੋਲਿਆ ਹਾਂ ।

23ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ ।

24ਤੁਸੀਂ ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾਓ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁੱਖ ਸਾਂਦ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲ਼ਦ ਚੜ੍ਹਾਓ ਅਤੇ ਹਰ ਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਬਰਕਤ ਦੇਵਾਂਗਾ ।

25ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਵੋ ਤਾਂ ਉਹ ਨੂੰ ਘੜਿਆਂ ਹੋਇਆਂ ਪੱਥਰਾਂ ਨਾਲ ਨਾ ਬਣਾਓ । ਜੇ ਤੁਸੀਂ ਆਪਣੀ ਤੇਸੀ ਉਨ੍ਹਾਂ ਉੱਤੇ ਚੁੱਕੀ ਤਾਂ ਤੁਸੀਂ ਉਸ ਨੂੰ ਭਰਿਸ਼ਟ ਕੀਤਾ ।

26ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜ੍ਹੋ ਕਿ ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ ਨਾ ਜਾਵੇ ।


  Share Facebook  |  Share Twitter

 <<  Exodus 20 >> 


Bible2india.com
© 2010-2025
Help
Dual Panel

Laporan Masalah/Saran