1ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਤੇ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ ।
2ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਤੇ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ, ਤੂੰ ਆਪਣੇ ਪੁੱਤਰ ਅਤੇ ਆਪਣੇ ਪੋਤੇ ਦੇ ਕੰਨਾਂ ਵਿੱਚ ਪਾਇਆ ਕਰੇਂ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ ।
3ਸੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਕੋਲ ਜਾਕੇ ਉਸ ਨੂੰ ਆਖਿਆ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਕਦ ਤੱਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਂਗਾ ? ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ ।
4ਨਹੀਂ ਤਾਂ, ਜੇ ਤੂੰ ਮੇਰੀ ਪਰਜਾ ਨੂੰ ਭੇਜਣ ਤੋਂ ਮੁੱਕਰ ਜਾਵੇਂਗਾ ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਟਿੱਡੀ ਦਲ ਲਿਆ ਰਿਹਾ ਹਾਂ ।
5ਉਹ ਧਰਤੀ ਦੀ ਪਰਤ ਨੂੰ ਇਸ ਤਰ੍ਹਾਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸਕੇਗਾ ਅਤੇ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ ਅਤੇ ਉਹ ਸਾਰਿਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਮੈਦਾਨ ਵਿੱਚ ਉੱਗੇ ਹਨ ਖਾ ਜਾਵੇਗੀ ।
6ਅਤੇ ਤੇਰੇ ਘਰ ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ ਇੱਥੋਂ ਤੱਕ ਕਿ ਨਾ ਤੇਰੇ ਪਿਤਾ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਉਹ ਜ਼ਮੀਨ ਉੱਤੇ ਹੋਏ ਅੱਜ ਦੇ ਦਿਨ ਤੱਕ ਵੇਖਿਆ । ਤਾਂ ਉਹ ਮੁੜ ਕੇ ਫ਼ਿਰਊਨ ਕੋਲੋਂ ਬਾਹਰ ਨਿੱਕਲ ਗਿਆ ।
7ਤਦ ਫ਼ਿਰਊਨ ਦੇ ਟਹਿਲੂਆਂ ਨੇ ਉਸ ਨੂੰ ਆਖਿਆ, ਇਹ ਮਨੁੱਖ ਕਦ ਤੱਕ ਸਾਡੇ ਲਈ ਇੱਕ ਫਾਹੀ ਹੋਵੇਗਾ ? ਉਨ੍ਹਾਂ ਮਨੁੱਖਾਂ ਨੂੰ ਜਾਣ ਦਿਓ ਤਾਂ ਜੋ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ । ਅਜੇ ਤੱਕ ਤੁਸੀਂ ਜਾਣਿਆ ਨਹੀਂ ਕਿ ਮਿਸਰ ਬਰਬਾਦ ਹੋ ਗਿਆ ਹੈ ?
8ਤਾਂ ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਮੁੜ ਲਿਆਂਦੇ ਗਏ । ਉਸ ਨੇ ਉਨ੍ਹਾਂ ਨੂੰ ਆਖਿਆ, ਜਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਪਰ ਜਾਣ ਵਾਲੇ ਕਿਹੜੇ ਹਨ ?
9ਮੂਸਾ ਆਖਿਆ, ਅਸੀਂ ਆਪਣੇ ਜਵਾਨਾਂ ਨਾਲ ਆਪਣੇ ਬੁੱਢਿਆਂ ਨਾਲ ਜਾਂਵਾਂਗੇ । ਅਸੀਂ ਆਪਣੇ ਪੁੱਤਰਾਂ ਨਾਲ ਆਪਣੀਆਂ ਧੀਆਂ ਨਾਲ ਆਪਣੇ ਇੱਜੜਾਂ ਨਾਲ ਆਪਣੇ ਵੱਗਾਂ ਨਾਲ ਜਾਂਵਾਂਗੇ ਕਿਉਂਕਿ ਸਾਡੇ ਲਈ ਯਹੋਵਾਹ ਦਾ ਪਰਬ ਹੈ ।
10ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਤਰ੍ਹਾਂ ਯਹੋਵਾਹ ਤੁਹਾਡੇ ਨਾਲ ਹੋਵੇ ਜਿਵੇਂ ਮੈਂ ਤੁਹਾਨੂੰ ਅਤੇ ਤੁਹਾਡੇ ਨਿਆਣਿਆਂ ਨੂੰ ਜਾਣ ਦਿੰਦਾ ਹਾਂ ! ਵੇਖ ਲਓ ਬੁਰਿਆਈ ਤੁਹਾਡੇ ਅੱਗੇ ਹੈ ।
11ਇਸ ਤਰ੍ਹਾਂ ਨਹੀਂ ਪਰ ਤੁਸੀਂ ਮਨੁੱਖ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ ਕਿਉਂ ਜੋ ਇਹੋ ਹੀ ਤੁਸੀਂ ਚਾਹੁੰਦੇ ਹੋ । ਸੋ ਉਹ ਫ਼ਿਰਊਨ ਦੇ ਅੱਗੋਂ ਧੱਕੇ ਗਏ ।
12ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਮਿਸਰ ਦੀ ਧਰਤੀ ਉੱਤੇ ਸਲਾ ਲਈ ਪਸਾਰ ਤਾਂ ਜੋ ਉਹ ਮਿਸਰ ਦੀ ਧਰਤੀ ਉੱਤੇ ਆਵੇ ਅਤੇ ਉਹ ਧਰਤੀ ਦਾ ਸਾਰਾ ਸਾਗ ਪੱਤ ਜਿਹੜਾ ਗੜਿਆਂ ਤੋਂ ਬਚ ਰਿਹਾ ਹੈ ਚੱਟ ਜਾਵੇ ।
13ਮੂਸਾ ਨੇ ਆਪਣਾ ਢਾਂਗਾ ਮਿਸਰ ਦੀ ਧਰਤੀ ਉੱਤੇ ਲੰਮਾ ਕੀਤਾ ਤਾਂ ਯਹੋਵਾਹ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਉਸ ਧਰਤੀ ਉੱਤੇ ਪੁਰੇ ਦੀ ਹਵਾ ਵਗਾਈ । ਜਦ ਸਵੇਰਾ ਹੋਇਆ ਤਾਂ ਪੁਰੇ ਦੀ ਹਵਾ ਟਿੱਡੀ ਦਲ ਲੈ ਆਈ ।
14ਅਤੇ ਟਿੱਡੀ ਦਲ ਸਾਰੇ ਮਿਸਰ ਦੇਸ ਉੱਤੇ ਚੜ੍ਹ ਆਇਆ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਉੱਤਰ ਪਿਆ ਅਤੇ ਐਨੀ ਭਾਰੀ ਸੀ ਕਿ ਇਸ ਤੋਂ ਅੱਗੇ ਕਦੀ ਅਜਿਹਾ ਟਿੱਡੀ ਦਲ ਨਹੀਂ ਆਇਆ ਸੀ ਅਤੇ ਨਾ ਇਸ ਦੇ ਪਿੱਛੋਂ ਫੇਰ ਕਦੀ ਆਵੇਗਾ ।
15ਸੋ ਉਸ ਸਾਰੀ ਧਰਤੀ ਦੀ ਪਰਤ ਢੱਕ ਲਈ ਕਿ ਧਰਤੀ ਉੱਤੇ ਹਨੇਰਾ ਹੋ ਗਿਆ । ਉਸ ਧਰਤੀ ਦਾ ਸਾਰਾ ਸਾਗ ਪੱਤ ਚੱਟ ਲਿਆ ਨਾਲੇ ਬਿਰਛਾਂ ਦਾ ਸਾਰਾ ਫਲ ਜਿਹੜਾ ਗੜਿਆਂ ਤੋਂ ਬਚ ਗਿਆ ਸੀ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ ।
16ਤਾਂ ਫ਼ਿਰਊਨ ਨੇ ਛੇਤੀ ਨਾਲ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਆਖਿਆ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਅਤੇ ਤੁਹਾਡਾ ਪਾਪ ਕੀਤਾ ਹੈ ।
17ਹੁਣ ਤੂੰ ਮੇਰਾ ਪਾਪ ਨਿਰਾ ਐਤਕੀਂ ਦੀ ਵਾਰ ਮਾਫ਼ ਕਰ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੋਲ ਸਿਫ਼ਾਰਸ਼ ਕਰ ਕਿ ਉਹ ਕੇਵਲ ਇਸ ਮੌਤ ਨੂੰ ਮੇਰੇ ਕੋਲੋਂ ਹਟਾਵੇ ।
18ਤਾਂ ਉਹ ਫ਼ਿਰਊਨ ਦੇ ਕੋਲੋਂ ਨਿੱਕਲ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ ।
19ਤਾਂ ਯਹੋਵਾਹ ਨੇ ਪੱਛੋਂ ਵੱਲੋਂ ਬਹੁਤ ਤੇਜ ਹਵਾ ਮੋੜੀ ਜਿਸ ਨੇ ਟਿੱਡੀ ਦਲ ਨੂੰ ਚੁੱਕ ਕੇ ਲਾਲ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਮਿਸਰ ਦੀਆਂ ਸਾਰੀਆਂ ਹੱਦਾਂ ਵਿੱਚ ਇੱਕ ਵੀ ਟਿੱਡੀ ਨਾ ਰਹੀ ।
20ਪਰ ਯਹੋਵਾਹ ਨੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ ।
21ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਪਸਾਰ ਤਾਂ ਜੋ ਮਿਸਰ ਦੇਸ ਵਿੱਚ ਹਨੇਰਾ ਹੋ ਜਾਵੇ, ਅਜਿਹਾ ਹਨੇਰਾ ਜਿਹੜਾ ਟੋਹਿਆ ਜਾਵੇ ।
22ਤਾਂ ਮੂਸਾ ਨੇ ਆਪਣਾ ਹੱਥ ਅਕਾਸ਼ ਵੱਲ ਪਸਾਰਿਆ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਤਿੰਨ ਦਿਨ ਹਨੇਰ ਘੁੱਪ ਰਿਹਾ ।
23ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ ਤਿੰਨ ਦਿਨ ਤੱਕ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਸਰਾਏਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ ।
24ਤਦ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ । ਕੇਵਲ ਤੁਹਾਡੇ ਇੱਜੜ ਅਤੇ ਤੁਹਾਡੇ ਵੱਗ ਰਹਿ ਜਾਣ ਅਤੇ ਤੁਹਾਡੇ ਨਿਆਣੇ ਵੀ ਨਾਲ ਜਾਣ ।
25ਤਦ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਚੜ੍ਹਾਈਏ ।
26ਸਾਡੇ ਪਸ਼ੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ ਕਿਉਂ ਜੋ ਉਨ੍ਹਾਂ ਦੇ ਵਿੱਚੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਲਈ ਲਵਾਂਗੇ ਅਤੇ ਜਦ ਤੱਕ ਉੱਥੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਹੈ ।
27ਪਰ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ । ਓਸ ਨੇ ਨਾ ਚਾਹਿਆ ਕਿ ਉਹ ਜਾਣ ।
28ਫ਼ਿਰਊਨ ਨੇ ਉਸ ਨੂੰ ਆਖਿਆ, ਮੇਰੇ ਕੋਲੋਂ ਨਿੱਕਲ ਜਾ ਅਤੇ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ ।
29ਤਦ ਮੂਸਾ ਨੇ ਆਖਿਆ, ਤੂੰ ਠੀਕ ਬੋਲਿਆ ਹੈਂ, ਮੈਂ ਫੇਰ ਕਦੀ ਤੇਰਾ ਮੂੰਹ ਨਾ ਵੇਖਾਂਗਾ ।