Bible 2 India Mobile
[VER] : [PUNJABI]     [PL]  [PB] 
 <<  Genesis 49 >> 

1ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ, ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ ।

2ਯਾਕੂਬ ਦੇ ਪੁੱਤਰੋ ਇਕੱਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ ।

3ਰਊਬੇਨ ਤੂੰ ਮੇਰਾ ਪਹਿਲੌਠਾ ਪੁੱਤਰ ਹੈਂ, ਮੇਰਾ ਬਲ ਤੇ ਮੇਰੀ ਸ਼ਕਤੀ ਦਾ ਮੁੱਢ ਹੈਂ । ਤੂੰ ਇੱਜ਼ਤ ਵਿੱਚ ਉੱਤਮ ਤੇ ਜ਼ੋਰ ਵਿੱਚ ਵੀ ਉੱਤਮ ਹੈਂ ।

4ਤੂੰ ਜਲ ਵਾਂਗੂੰ ਉਬਲਣ ਵਾਲਾ ਹੈ, ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂ ਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ੍ਹ ਗਿਆ । ਤਦ ਤੂੰ ਉਹ ਨੂੰ ਭਰਿਸ਼ਟ ਕੀਤਾ । ਉਹ ਮੇਰੇ ਬਿਸਤਰੇ ਉੱਤੇ ਚੜ੍ਹ ਗਿਆ ।

5ਸ਼ਿਮਓਨ ਅਤੇ ਲੇਵੀ ਭਰਾ-ਭਰਾ ਹਨ, ਉਨ੍ਹਾਂ ਦੀਆਂ ਤਲਵਾਰਾਂ ਜ਼ੁਲਮ ਦੇ ਸ਼ਸਤਰ ਹਨ ।

6ਹੇ ਮੇਰੇ ਮਨ, ਉਨ੍ਹਾਂ ਦੀ ਸੰਗਤ ਵਿੱਚ ਨਾ ਜਾ । ਹੇ ਮੇਰੀ ਮਹਿਮਾ, ਉਨ੍ਹਾਂ ਦੀ ਸਭਾ ਵਿੱਚ ਨਾ ਰਲ, ਕਿਉਂਜੋ ਉਨ੍ਹਾਂ ਨੇ ਆਪਣੇ ਕ੍ਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਬਲ਼ਦਾਂ ਦੀਆਂ ਸੜਾਂ ਵੱਢ ਦਿੱਤੀਆਂ ।

7ਉਨ੍ਹਾਂ ਦਾ ਕ੍ਰੋਧ ਸਰਾਪਿਆ ਜਾਵੇ, ਕਿਉਂਜੋ ਉਹ ਭਿਅੰਕਰ ਸੀ; ਨਾਲੇ ਉਨ੍ਹਾਂ ਦਾ ਰੋਹ, ਕਿਉਂਜੋ ਉਹ ਕਠੋਰ ਸੀ । ਮੈਂ ਉਨ੍ਹਾਂ ਨੂੰ ਯਾਕੂਬ ਵਿੱਚ ਅਲੱਗ-ਅਲੱਗ ਕਰ ਛੱਡਾਂਗਾ ਅਤੇ ਉਨ੍ਹਾਂ ਨੂੰ ਇਸਰਾਏਲ ਵਿੱਚ ਖਿੰਡਾ ਦਿਆਂਗਾ ।

8ਹੇ ਯਹੂਦਾਹ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ; ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਵੇਂ ਹੋਣਗੇ ।

9ਯਹੂਦਾਹ ਸ਼ੇਰ ਦਾ ਬੱਚਾ ਹੈ । ਮੇਰੇ ਪੁੱਤਰ ਤੂੰ ਸ਼ਿਕਾਰ ਮਾਰ ਕੇ ਆਇਆ । ਉਹ ਸ਼ੇਰ ਦੀ ਤਰ੍ਹਾਂ ਸਗੋਂ ਸ਼ੇਰਨੀ ਦੀ ਤਰ੍ਹਾਂ ਦੱਬ ਕੇ ਬੈਠ ਗਿਆ । ਫਿਰ ਕੌਣ ਉਹ ਨੂੰ ਛੇੜੇਗਾ ?

10ਯਹੂਦਾਹ ਤੋਂ ਆੱਸਾ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ ।

11ਉਹ ਆਪਣੇ ਗਧੇ ਨੂੰ ਦਾਖ਼ ਦੀ ਬੇਲ ਨਾਲ ਅਤੇ ਆਪਣੀ ਗਧੀ ਦੇ ਬੱਚੇ ਨੂੰ ਦਾਖ਼ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ । ਉਸ ਨੇ ਆਪਣੇ ਬਸਤਰ ਨੂੰ ਮਧ ਵਿੱਚ ਅਤੇ ਆਪਣਾ ਪਹਿਰਾਵਾ ਅੰਗੂਰਾਂ ਦੇ ਰਸ ਵਿੱਚ ਧੋਤਾ ਹੈ ।

12ਉਹ ਦੀਆਂ ਅੱਖਾਂ ਮਧ ਨਾਲ ਲਾਲ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ ।

13ਜਬੁਲੂਨ ਸਮੁੰਦਰਾਂ ਦੇ ਘਾਟ ਉੱਤੇ ਵੱਸੇਗਾ ਅਤੇ ਉਹ ਬੇੜਿਆਂ ਦੀ ਬੰਦਰਗਾਹ ਹੋਵੇਗਾ ਤੇ ਉਸ ਦੀ ਹੱਦ ਸੀਦੋਨ ਤੱਕ ਹੋਵੇਗੀ ।

14ਯੱਸ਼ਾਕਾਰ ਬਲਵੰਤ ਗਧਾ ਹੈ, ਜਿਹੜਾ ਵਾੜੇ ਦੇ ਪਸ਼ੂਆਂ ਵਿਚਕਾਰ ਸਹਿਮ ਕੇ ਬੈਠਦਾ ਹੈ,

15ਅਤੇ ਉਸ ਨੇ ਇੱਕ ਅਰਾਮ ਦੀ ਥਾਂ ਵੇਖੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਮਨ ਭਾਉਂਦਾ ਹੈ । ਤਦ ਉਸ ਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਿਵਾਇਆ ਅਤੇ ਉਹ ਇੱਕ ਬੇਗਾਰੀ ਕਰਨ ਵਾਲਾ ਬਣਿਆ ।

16ਦਾਨ ਇਸਰਾਏਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ, ਆਪਣੇ ਲੋਕਾਂ ਦਾ ਨਿਆਂ ਕਰੇਗਾ ।

17ਦਾਨ ਮਾਰਗ ਉੱਤੇ ਸੱਪ ਸਗੋਂ ਰਸਤੇ ਵਿੱਚ ਫਨੀਅਰ ਸੱਪ ਹੋਵੇਗਾ, ਜਿਹੜਾ ਘੋੜੇ ਨੂੰ ਡੰਗ ਮਾਰਦਾ ਹੈ ਜਿਸ ਕਾਰਨ ਉਸ ਦਾ ਸਵਾਰ ਪਿੱਛੇ ਡਿੱਗ ਪੈਂਦਾ ਹੈ ।

18ਹੇ ਯਹੋਵਾਹ, ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ ।

19ਗਾਦ ਨੂੰ ਫ਼ੌਜਾਂ ਧੱਕਣਗੀਆਂ ਪਰ ਉਹ ਉਨ੍ਹਾਂ ਦੀ ਪਿੱਠ ਨੂੰ ਧੱਕੇਗਾ ।

20ਆਸੇਰ ਦੀ ਰੋਟੀ ਚਿਕਣੀ ਹੋਵੇਗੀ ਅਤੇ ਉਹ ਸੁਆਦਲੇ ਸ਼ਾਹੀ ਭੋਜਨ ਦੇਵੇਗਾ ।

21ਨਫ਼ਤਾਲੀ ਛੱਡੀ ਹੋਈ ਹਰਨੀ ਹੈ, ਉਹ ਸੁੰਦਰ ਗੱਲਾਂ ਬੋਲਦਾ ਹੈ ।

22ਯੂਸੁਫ਼ ਇੱਕ ਫਲਦਾਇਕ ਦਾਖਲਤਾ ਹੈ, ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ਼ਲਤਾ, ਜਿਸ ਦੀਆਂ ਟਹਿਣੀਆਂ ਕੰਧ ਉੱਤੋਂ ਦੀ ਚੜ੍ਹ ਜਾਂਦੀਆਂ ਹਨ ।

23ਤੀਰ ਅੰਦਾਜ਼ਾਂ ਨੇ ਉਹ ਨੂੰ ਸਤਾਇਆ ਅਤੇ ਤੀਰ ਚਲਾਏ ਤੇ ਉਹ ਦੇ ਨਾਲ ਵੈਰ ਰੱਖਿਆ ।

24ਪਰ ਉਹ ਦਾ ਧਣੁਖ ਤਕੜਾ ਰਿਹਾ ਅਤੇ ਯਾਕੂਬ ਦੇ ਸ਼ਕਤੀਮਾਨ ਪਰਮੇਸ਼ੁਰ ਦੇ ਹੱਥੋਂ ਉਸ ਦੀਆਂ ਬਾਹਾਂ ਤੇ ਹੱਥ ਬਲਵੰਤ ਹਨ (ਉੱਥੋਂ ਹੀ ਅਯਾਲੀ ਅਰਥਾਤ ਇਸਰਾਏਲ ਦਾ ਪੱਥਰ ਆਵੇਗਾ )

25ਤੇਰੇ ਪਿਤਾ ਦੇ ਪਰਮੇਸ਼ੁਰ ਤੋਂ, ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਬਸ਼ਕਤੀਮਾਨ ਤੋਂ, ਜਿਹੜਾ ਤੈਨੂੰ ਬਰਕਤਾਂ ਦੇਵੇਗਾ, ਉੱਪਰੋਂ ਅਕਾਸ਼ ਦੀਆਂ ਬਰਕਤਾਂ, ਹੇਠਾਂ ਪਈਆਂ ਹੋਈਆਂ ਡੂੰਘਿਆਈਆਂ ਦੀਆਂ ਬਰਕਤਾਂ, ਛਾਤੀਆਂ ਤੇ ਕੁੱਖ ਦੀਆਂ ਬਰਕਤਾਂ,

26ਤੇਰੇ ਪਿਤਾ ਦੀਆਂ ਬਰਕਤਾਂ, ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ, ਸਗੋਂ ਸਦੀਪਕ ਪਰਬਤਾਂ ਦੇ ਬੰਨ੍ਹਿਆਂ ਤੱਕ ਵੱਧ ਗਈਆਂ । ਉਹ ਯੂਸੁਫ਼ ਦੇ ਸਿਰ ਉੱਤੇ ਸਗੋਂ ਉਹ ਦੀ ਖੋਪੜੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਅਲੱਗ ਕੀਤਾ ਗਿਆ ।

27ਬਿਨਯਾਮੀਨ ਪਾੜਨ ਵਾਲਾ ਬਘਿਆੜ ਹੈ । ਸਵੇਰੇ ਉਹ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਵੰਡੇਗਾ ।

28ਇਹ ਸਭ ਇਸਰਾਏਲ ਦੇ ਬਾਰਾਂ ਗੋਤ ਹਨ, ਇਹ ਉਹ ਬਚਨ ਹਨ ਜੋ ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੋਲਿਆ, ਜਦ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਬਰਕਤ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੇ ਉਨ੍ਹਾਂ ਨੂੰ ਬਰਕਤ ਦਿੱਤੀ ।

29ਫੇਰ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਕੇ ਆਖਿਆ, ਮੈਂ ਆਪਣੇ ਲੋਕਾਂ ਨੂੰ ਮਿਲਣ ਲਈ ਜਾਂਦਾ ਹਾਂ, ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫ਼ਾ ਵਿੱਚ ਜਿਹੜੀ ਅਫ਼ਰੋਨ ਹਿੱਤੀ ਦੀ ਪੈਲੀ ਵਿੱਚ ਹੈ, ਦੱਬਿਓ ।

30ਅਰਥਾਤ ਉਸ ਗੁਫ਼ਾ ਵਿੱਚ ਜਿਹੜੀ ਮਕਫ਼ੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ਼ ਵਿੱਚ ਹੈ, ਜਿਹੜੀ ਪੈਲੀ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰਿਸਤਾਨ ਦੀ ਨਿੱਜ ਭੂਮੀ ਹੋਣ ਲਈ ਸੀ ।

31ਉੱਥੇ ਉਨ੍ਹਾਂ ਨੇ ਅਬਰਾਹਾਮ ਅਤੇ ਉਹ ਦੀ ਪਤਨੀ ਸਾਰਾਹ ਨੂੰ ਦੱਬਿਆ, ਉੱਥੇ ਉਨ੍ਹਾਂ ਨੇ ਇਸਹਾਕ ਅਤੇ ਉਹ ਦੀ ਪਤਨੀ ਰਿਬਕਾਹ ਨੂੰ ਦੱਬਿਆ ਅਤੇ ਉੱਥੇ ਮੈਂ ਲੇਆਹ ਨੂੰ ਦੱਬਿਆ ।

32ਮੈਂ ਉਸ ਪੈਲੀ ਅਤੇ ਉਸ ਗੁਫ਼ਾ ਨੂੰ ਜਿਹੜੀ ਉਸ ਦੇ ਵਿੱਚ ਹੈ, ਹੇਤ ਦੇ ਪੁੱਤਰਾਂ ਤੋਂ ਮੁੱਲ ਲਿਆ ।

33ਜਦ ਯਾਕੂਬ ਆਪਣੇ ਪੁੱਤਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ।


  Share Facebook  |  Share Twitter

 <<  Genesis 49 >> 


Bible2india.com
© 2010-2025
Help
Dual Panel

Laporan Masalah/Saran