1ਇਹਨਾਂ ਗੱਲਾਂ ਤੋਂ ਬਾਅਦ ਇਹ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ, ਵੇਖੋ, ਤੁਹਾਡਾ ਪਿਤਾ ਬਿਮਾਰ ਹੈ । ਤਦ ਉਸ ਨੇ ਆਪਣੇ ਦੋਹਾਂ ਪੁੱਤਰਾਂ ਮਨੱਸ਼ਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲਿਆ ।
2ਕਿਸੇ ਨੇ ਯਾਕੂਬ ਨੂੰ ਦੱਸਿਆ, ਵੇਖੋ ਤੁਹਾਡਾ ਪੁੱਤਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ । ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ ।
3ਯਾਕੂਬ ਨੇ ਯੂਸੁਫ਼ ਨੂੰ ਆਖਿਆ, ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ
4ਅਤੇ ਮੈਨੂੰ ਆਖਿਆ, ਵੇਖ, ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਤੇ ਤੈਥੋਂ ਬਹੁਤ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਬਾਅਦ ਇਹ ਦੇਸ਼ ਸਦਾ ਲਈ ਤੇਰੇ ਵੰਸ਼ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ।
5ਹੁਣ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ, ਉਹ ਮੇਰੇ ਹੀ ਹਨ । ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ਹ ਮੇਰੇ ਹੀ ਪੁੱਤਰ ਹਨ,
6ਅਤੇ ਉਨ੍ਹਾਂ ਦੇ ਬਾਅਦ ਜਿਹੜੀ ਸੰਤਾਨ ਤੈਥੋਂ ਪੈਦਾ ਹੋਵੇਗੀ, ਉਹ ਤੇਰੀ ਹੋਵੇਗੀ । ਪਰ ਓਹ ਆਪਣੇ ਹਿੱਸੇ ਦੀ ਵੰਡ ਵਿੱਚ ਆਪਣੇ ਭਰਾਵਾਂ ਦੇ ਨਾਮ ਤੋਂ ਪੁਕਾਰੀ ਜਾਵੇਗੀ ।
7ਜਦ ਮੈਂ ਪਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਦ ਅਫ਼ਰਾਤ ਥੋੜ੍ਹੀ ਹੀ ਦੂਰ ਰਹਿ ਗਿਆ ਸੀ ਤਾਂ ਕਨਾਨ ਦੇਸ਼ ਵਿੱਚ ਰਾਖ਼ਲ ਮੇਰੇ ਸਾਹਮਣੇ ਮਰ ਗਈ ਅਤੇ ਮੈਂ ਉਸ ਨੂੰ ਉੱਥੇ ਹੀ ਅਫ਼ਰਾਤ ਦੇ ਰਸਤੇ ਵਿੱਚ ਦੱਬ ਦਿੱਤਾ ।
8ਇਹੋ ਹੀ ਬੈਤਲਹਮ ਹੈ । ਫੇਰ ਇਸਰਾਏਲ ਨੇ ਯੂਸੁਫ਼ ਦੇ ਪੁਤਰਾਂ ਨੂੰ ਵੇਖ ਕੇ ਆਖਿਆ, ਇਹ ਕੌਣ ਹਨ ?
9ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਇਹ ਮੇਰੇ ਪੁੱਤਰ ਹਨ, ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ ਹਨ । ਉਸ ਨੇ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਨ੍ਹਾਂ ਨੂੰ ਬਰਕਤ ਦੇਵਾਂ ।
10ਪਰ ਬਜ਼ੁਰਗ ਹੋਣ ਦੇ ਕਾਰਨ ਇਸਰਾਏਲ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ ਸਨ, ਕਿ ਉਹ ਵੇਖ ਨਹੀਂ ਸਕਦਾ ਸੀ, ਤਦ ਯੂਸੁਫ਼ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ੍ਹ ਲਾਇਆ
11ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ ਵੀ ਨਹੀਂ ਸੀ, ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ ।
12ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਤੇ ਆਪਣਾ ਮੂੰਹ ਧਰਤੀ ਤੱਕ ਨਿਵਾਇਆ
13ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ, ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ, ਅਤੇ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਤੇ ਉਸ ਦੇ ਨੇੜੇ ਕੀਤਾ ।
14ਤਦ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ, ਜਿਹੜਾ ਛੋਟਾ ਪੁੱਤਰ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ ਰੱਖਿਆ । ਉਸ ਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਮਨੱਸ਼ਹ ਪਹਿਲੌਠਾ ਸੀ ।
15ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਤੇ ਇਸਹਾਕ ਚੱਲਦੇ ਰਹੇ ਅਤੇ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ,
16ਅਤੇ ਉਹੀ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੈਨੂੰ ਛੁਡਾਉਂਦਾ ਆਇਆ ਹੈ, ਉਹ ਹੀ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਤੇ ਉਨ੍ਹਾਂ ਨੂੰ ਮੇਰੇ ਨਾਮ ਅਤੇ ਮੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਦੇ ਨਾਮ ਤੋਂ ਬੁਲਾਇਆ ਜਾਵੇ ਅਤੇ ਇਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ ।
17ਜਦ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਇਸ ਲਈ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਰੱਖੇ ।
18ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ, ਅਜਿਹਾ ਨਾ ਹੋਵੇ, ਕਿਉਂ ਜੋ ਉਹ ਪਹਿਲੌਠਾ ਹੈ । ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ ।
19ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ, ਮੇਰੇ ਪੁੱਤਰ ਮੈਂ ਜਾਣਦਾ ਹਾਂ । ਇਸ ਤੋਂ ਵੀ ਇੱਕ ਕੌਮ ਹੋਵੇਗੀ ਅਤੇ ਇਹ ਵੀ ਵੱਡਾ ਹੋਵੇਗਾ ਪਰ ਉਸ ਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਅਤੇ ਉਸ ਦੀ ਅੰਸ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ ।
20ਫਿਰ ਉਸ ਨੇ ਉਸੇ ਦਿਨ ਉਨ੍ਹਾਂ ਨੂੰ ਬਰਕਤ ਦੇ ਕੇ ਆਖਿਆ, ਇਸਰਾਏਲ ਤੇਰਾ ਨਾਮ ਲੈ ਕੇ ਅਤੇ ਇਹ ਆਖ ਕੇ ਬਰਕਤ ਦਿਆ ਕਰੇਗਾ ਕਿ ਪਰਮੇਸ਼ੁਰ ਤੈਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ । ਸੋ ਉਸ ਨੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ ।
21ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਤੇ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ਼ ਵਿੱਚ ਮੁੜ ਲੈ ਆਵੇਗਾ ।
22ਅਤੇ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਪਹਾੜੀ ਇਲਾਕਾ ਦਿੱਤਾ ਹੈ, ਜਿਹੜਾ ਮੈਂ ਆਪਣੀ ਤਲਵਾਰ ਅਤੇ ਧਣੁਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ ।