1ਤਦ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਤੇ ਬਏਰਸਬਾ ਨੂੰ ਆਇਆ ਅਤੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਆਂ ।
2ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੇ ਸਮੇਂ ਦਰਸ਼ਨ ਦੇ ਕੇ ਆਖਿਆ, ਯਾਕੂਬ ! ਯਾਕੂਬ ! ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।
3ਉਸ ਆਖਿਆ, ਮੈਂ ਪਰਮੇਸ਼ੁਰ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ ।
4ਮਿਸਰ ਵੱਲ ਜਾਣ ਤੋਂ ਨਾ ਡਰ, ਕਿਉਂ ਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਅੰਗ-ਸੰਗ ਮਿਸਰ ਵਿੱਚ ਚੱਲਾਂਗਾ ਅਤੇ ਸੱਚਮੁੱਚ ਮੈਂ ਤੈਨੂੰ ਉੱਥੋਂ ਫੇਰ ਲੈ ਆਵਾਂਗਾ ਅਤੇ ਯੂਸੁਫ਼ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ ।
5ਯਾਕੂਬ ਬਏਰਸਬਾ ਤੋਂ ਉੱਠਿਆ ਅਤੇ ਇਸਰਾਏਲ ਦੇ ਪੁੱਤਰ, ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਛੋਟੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ, ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਭੇਜੇ ਸਨ ।
6ਉਨ੍ਹਾਂ ਨੇ ਆਪਣੇ ਪਸ਼ੂ ਅਤੇ ਆਪਣਾ ਸਾਰਾ ਸਮਾਨ ਜਿਹੜਾ ਉਨ੍ਹਾਂ ਨੇ ਕਨਾਨ ਦੇਸ਼ ਵਿੱਚ ਕਮਾਇਆ ਸੀ, ਲੈ ਲਿਆ ਅਤੇ ਯਾਕੂਬ ਅਤੇ ਉਸ ਦਾ ਸਾਰਾ ਵੰਸ਼ ਉਸ ਦੇ ਨਾਲ ਮਿਸਰ ਵਿੱਚ ਆਇਆ
7ਅਰਥਾਤ ਉਹ ਆਪਣੇ ਪੁੱਤਰ-ਧੀਆਂ, ਪੋਤੇ-ਪੋਤੀਆਂ ਅਤੇ ਆਪਣਾ ਸਾਰਾ ਵੰਸ਼ ਆਪਣੇ ਨਾਲ ਲੈ ਕੇ ਆਇਆ ।
8ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜਿਹੜੇ ਮਿਸਰ ਵਿੱਚ ਆਏ: ਯਾਕੂਬ ਅਤੇ ਉਸ ਦਾ ਪਹਿਲੌਠਾ ਪੁੱਤਰ ਰਊਬੇਨ ।
9ਰਊਬੇਨ ਦੇ ਪੁੱਤਰ: ਹਨੋਕ, ਫੱਲੂ, ਹਸਰੋਨ ਅਤੇ ਕਰਮੀ ।
10ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ,ਸੋਹਰ ਅਤੇ ਸਾਊਲ ਜੋ ਕਨਾਨੀ ਇਸਤਰੀ ਦਾ ਪੁੱਤਰ ਸੀ ।
11ਲੇਵੀ ਦੇ ਪੁੱਤਰ: ਗੇਰਸੋਨ, ਕਹਾਥ ਅਤੇ ਮਰਾਰੀ ।
12ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਫ਼ਰਸ, ਅਤੇ ਜ਼ਾਰਹ । ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿੱਚ ਮਰ ਗਏ ਅਤੇ ਫਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ ।
13ਯਿੱਸਾਕਾਰ ਦੇ ਪੁੱਤਰ: ਤੋਲਾ, ਪੁੱਵਾਹ, ਯੋਬ ਅਤੇ ਸਿਮਰੋਨ ।
14ਜਬੁਲੂਨ ਦੇ ਪੁੱਤਰ: ਸਰਦ, ਏਲੋਨ ਅਤੇ ਯਹਲਏਲ ।
15ਲੇਆਹ ਦੇ ਪੁੱਤਰ ਇਹ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਧੀ ਦੀਨਾਹ ਸਮੇਤ ਪਦਨ ਅਰਾਮ ਵਿੱਚ ਜਨਮ ਦਿੱਤਾ । ਉਹ ਸਾਰੇ ਪ੍ਰਾਣੀ ਅਰਥਾਤ ਉਸ ਦੇ ਪੁੱਤਰ ਅਤੇ ਉਸ ਦੀਆਂ ਧੀਆਂ ਤੇਤੀ ਸਨ ।
16ਗਾਦ ਦੇ ਪੁੱਤਰ: ਸਿਫਯੋਨ, ਹੱਗੀ, ਸੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ ਸਨ ।
17ਆਸ਼ੇਰ ਦੇ ਪੁੱਤਰ: ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਸਰਹ ਉਨ੍ਹਾਂ ਦੀ ਭੈਣ । ਬਰੀਆਹ ਦੇ ਪੁੱਤਰ ਹਬਰ ਅਤੇ ਮਲਕੀਏਲ ਸਨ ।
18ਇਹ ਜਿਲਫਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਉਸ ਨੇ ਯਾਕੂਬ ਲਈ ਇਨ੍ਹਾਂ ਸੋਲ੍ਹਾਂ ਪ੍ਰਾਣੀਆਂ ਨੂੰ ਜਨਮ ਦਿੱਤਾ ।
19ਯਾਕੂਬ ਦੀ ਪਤਨੀ ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ ।
20ਯੂਸੁਫ਼ ਤੋਂ ਮਿਸਰ ਦੇਸ਼ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਨੇ ਮਨੱਸ਼ਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ ।
21ਬਿਨਯਾਮੀਨ ਦੇ ਪੁੱਤਰ: ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾਨ, ਏਹੀ, ਰੋਸ਼, ਮੁੱਫੀਮ, ਹੁੱਫੀਮ ਅਤੇ ਆਰਦ ਸਨ ।
22ਇਹ ਰਾਖ਼ੇਲ ਦੇ ਪੁੱਤਰ ਸਨ, ਜਿਹਨਾਂ ਨੂੰ ਉਸ ਨੇ ਯਾਕੂਬ ਲਈ ਜੰਮਿਆ ਸੀ, ਉਹ ਸਾਰੇ ਚੌਦਾਂ ਪ੍ਰਾਣੀ ਸਨ ।
23ਦਾਨ ਦਾ ਪੁੱਤਰ ਹੁਸ਼ੀਮ ਸੀ ।
24ਨਫਤਾਲੀ ਦੇ ਪੁੱਤਰ: ਯਹਸਏਲ, ਗੂਨੀ, ਯੇਸਰ ਅਤੇ ਸਿੱਲੇਮ ਸਨ ।
25ਇਹ ਬਿਲਹਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ ਅਤੇ ਉਸ ਨੇ ਯਾਕੂਬ ਦੇ ਲਈ ਇਨ੍ਹਾਂ ਸੱਤ ਪ੍ਰਾਣੀ ਨੂੰ ਜਨਮ ਦਿੱਤਾ ।
26ਯਾਕੂਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ ।
27ਯੂਸੁਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਦੋ ਪ੍ਰਾਣੀ ਸਨ । ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੂਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਪ੍ਰਾਣੀ ਸਨ ।
28ਉਸ ਨੇ ਯਹੂਦਾਹ ਨੂੰ ਯੂਸੁਫ਼ ਦੇ ਕੋਲ ਆਪਣੇ ਅੱਗੇ-ਅੱਗੇ ਭੇਜਿਆ ਤਾਂ ਜੋ ਉਹ ਉਸ ਨੂੰ ਗੋਸ਼ਨ ਦਾ ਰਾਹ ਵਿਖਾਵੇ, ਅਤੇ ਓਹ ਗੋਸ਼ਨ ਦੇ ਦੇਸ਼ ਵਿੱਚ ਆਏ ।
29ਤਦ ਯੂਸੁਫ਼ ਨੇ ਆਪਣਾ ਰਥ ਜੋੜਿਆ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਨੂੰ ਗਿਆ ਅਤੇ ਉਸ ਦੇ ਅੱਗੇ ਹਾਜ਼ਰ ਹੋਇਆ ਅਤੇ ਉਸ ਦੇ ਗਲ੍ਹ ਲੱਗਾ ਅਤੇ ਬਹੁਤ ਦੇਰ ਤੱਕ ਉਸ ਦੇ ਗਲ੍ਹ ਨਾਲ ਲੱਗ ਕੇ ਰੋਇਆ ।
30ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇ ਕਿਉਂ ਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ ।
31ਤਦ ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫ਼ਿਰਊਨ ਕੋਲ ਖ਼ਬਰ ਦੇਣ ਜਾਂਦਾ ਹਾਂ ਅਤੇ ਉਸ ਨੂੰ ਆਖਾਂਗਾ ਕਿ ਮੇਰੇ ਭਰਾ ਅਤੇ ਮੇਰੇ ਪਿਤਾ ਦਾ ਘਰਾਣਾ, ਜਿਹੜਾ ਕਨਾਨ ਦੇਸ਼ ਵਿੱਚ ਸੀ, ਮੇਰੇ ਕੋਲ ਆ ਗਿਆ ਹੈ ।
32ਓਹ ਮਨੁੱਖ ਆਜੜੀ ਹਨ ਕਿਉਂ ਜੋ ਓਹ ਪਸ਼ੂਆਂ ਨੂੰ ਪਾਲਣ ਵਾਲੇ ਹਨ ਅਤੇ ਓਹ ਆਪਣੇ ਇੱਜੜ ਅਤੇ ਵੱਗ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਨਾਲ ਲੈ ਕੇ ਆਏ ਹਨ ।
33ਜਦ ਫ਼ਿਰਊਨ ਤੁਹਾਨੂੰ ਬੁਲਾਏ ਅਤੇ ਪੁੱਛੇ ਕਿ ਤੁਸੀਂ ਕੀ ਕੰਮ ਕਰਦੇ ਹੋ ?
34ਤਦ ਤੁਸੀਂ ਇਹ ਆਖਣਾ, ਤੁਹਾਡੇ ਦਾਸ ਜਵਾਨੀ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ਤਦ ਤੁਸੀਂ ਗੋਸ਼ਨ ਦੇਸ਼ ਵਿੱਚ ਵੱਸ ਜਾਓਗੇ ਕਿਉਂ ਜੋ ਮਿਸਰੀ ਸਾਰੇ ਆਜੜੀਆਂ ਤੋਂ ਘਿਰਣਾ ਕਰਦੇ ਹਨ ।