Bible 2 India Mobile
[VER] : [PUNJABI]     [PL]  [PB] 
 <<  Genesis 38 >> 

1ਉਸ ਵੇਲੇ ਅਜਿਹਾ ਹੋਇਆ ਯਹੂਦਾਹ ਆਪਣੇ ਭਰਾਵਾਂ ਕੋਲੋਂ ਚਲਾ ਗਿਆ ਅਤੇ ਹੀਰਾਹ ਨਾਮ ਦੇ ਇੱਕ ਅਦੂਲਾਮੀ ਮਨੁੱਖ ਦੇ ਘਰ ਵਿੱਚ ਠਹਿਰਿਆ ।

2ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਵੇਖਿਆ ਅਤੇ ਉਸ ਨਾਲ ਵਿਆਹ ਕੀਤਾ ਅਤੇ ਉਸ ਦੇ ਕੋਲ ਗਿਆ ।

3ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਹੂਦਾਹ ਨੇ ਉਸ ਦਾ ਨਾਮ ਏਰ ਰੱਖਿਆ ।

4ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਓਨਾਨ ਰੱਖਿਆ ।

5ਉਹ ਫਿਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸ਼ੇਲਾਹ ਰੱਖਿਆ ਅਤੇ ਜਦ ਉਸ ਨੇ ਉਹ ਨੂੰ ਜਨਮ ਦਿੱਤਾ ਤਾਂ ਯਹੂਦਾਹ ਕਜ਼ੀਬ ਵਿੱਚ ਸੀ ।

6ਯਹੂਦਾਹ ਨੇ ਆਪਣੇ ਪਹਿਲੌਠੇ ਪੁੱਤਰ ਏਰ ਲਈ ਇੱਕ ਪਤਨੀ ਲਿਆਂਦੀ, ਜਿਸ ਦਾ ਨਾਮ ਤਾਮਾਰ ਸੀ ।

7ਯਹੂਦਾਹ ਦਾ ਪਹਿਲੌਠਾ ਏਰ, ਯਹੋਵਾਹ ਦੀਆਂ ਅੱਖਾਂ ਵਿੱਚ ਦੁਸ਼ਟ ਸੀ ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ ।

8ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਪਤਨੀ ਕੋਲ ਜਾ ਅਤੇ ਉਸ ਦਾ ਹੱਕ ਅਦਾ ਕਰ ਅਤੇ ਆਪਣੇ ਭਰਾ ਲਈ ਅੰਸ ਚਲਾ ।

9ਓਨਾਨ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਅੰਸ ਮੇਰੀ ਅੰਸ ਨਹੀਂ ਹੋਵੇਗੀ, ਇਸ ਲਈ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਪਤਨੀ ਕੋਲ ਗਿਆ ਤਾਂ ਆਪਣਾ ਵੀਰਜ ਧਰਤੀ ਉੱਤੇ ਬਰਬਾਦ ਕਰ ਦਿੱਤਾ ਕਿਤੇ ਅਜਿਹਾ ਨਾ ਹੋਵੇ ਉਸਦੇ ਭਰਾ ਲਈ ਅੰਸ ਹੋਵੇ ।

10ਜੋ ਉਸ ਨੇ ਕੀਤਾ ਸੀ, ਯਹੋਵਾਹ ਦੀਆਂ ਅੱਖਾਂ ਵਿੱਚ ਬੁਰਾ ਲੱਗਾ ਅਤੇ ਉਸ ਨੇ ਓਨਾਨ ਨੂੰ ਵੀ ਮਾਰ ਦਿੱਤਾ ।

11ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, ਆਪਣੇ ਪਿਤਾ ਦੇ ਘਰ ਵਿਧਵਾ ਬੈਠੀ ਰਹਿ, ਜਦ ਤੱਕ ਮੇਰਾ ਪੁੱਤਰ ਸ਼ੇਲਾਹ ਸਿਆਣਾ ਨਾ ਹੋ ਜਾਵੇ ਕਿਉਂ ਜੋ ਉਸ ਨੇ ਆਖਿਆ ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗੂੰ ਮਰ ਨਾ ਜਾਵੇ ਤਦ ਤਾਮਾਰ ਚਲੀ ਗਈ ਅਤੇ ਆਪਣੇ ਪਿਤਾ ਦੇ ਘਰ ਵਿੱਚ ਬੈਠੀ ਰਹੀ ।

12ਜਦ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ, ਯਹੂਦਾਹ ਦੀ ਪਤਨੀ ਮਰ ਗਈ ਜਦ ਯਹੂਦਾਹ ਸੋਗ ਦੇ ਦਿਨਾਂ ਤੋਂ ਬਾਅਦ, ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਥ ਨੂੰ ਗਿਆ ।

13ਤਾਮਾਰ ਨੂੰ ਦੱਸਿਆ ਗਿਆ ਕਿ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਤਿਮਨਾਥ ਨੂੰ ਜਾਂਦਾ ਹੈ ।

14ਤਦ ਉਸ ਨੇ ਆਪਣੇ ਵਿਧਵਾ ਦੇ ਬਸਤਰ ਲਾਹ ਸੁੱਟੇ ਅਤੇ ਬੁਰਕਾ ਪਾ ਕੇ ਆਪ ਨੂੰ ਲਪੇਟ ਲਿਆ ਅਤੇ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਥ ਦੇ ਰਸਤੇ ਉੱਤੇ ਸੀ, ਜਾ ਬੈਠੀ ਕਿਉਂਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ, ਪਰ ਉਹ ਉਸ ਦੀ ਪਤਨੀ ਬਣਨ ਨੂੰ ਨਹੀਂ ਦਿੱਤੀ ਗਈ ।

15ਤਦ ਯਹੂਦਾਹ ਨੇ ਉਸ ਨੂੰ ਵੇਖਿਆ ਅਤੇ ਸਮਝਿਆ ਕਿ ਇਹ ਵੇਸ਼ਵਾ ਹੈ ਕਿਉਂਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ।

16ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਤੇ ਆਖਿਆ, ਆ ਅਤੇ ਮੈਨੂੰ ਆਪਣੇ ਕੋਲ ਆਉਣ ਦੇ ਕਿਉਂਜੋ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਨੂੰਹ ਹੈ ਤਦ ਉਸ ਨੇ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ ?

17ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਲੇਲਾ ਤੇਰੇ ਕੋਲ ਭੇਜਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ, ਜਦ ਤੱਕ ਉਹ ਨਾ ਘੱਲੇਂ ?

18ਫੇਰ ਉਸ ਨੇ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ ? ਉਸ ਆਖਿਆ, ਤੂੰ ਆਪਣੀ ਮੋਹਰ, ਆਪਣੀ ਰੱਸੀ ਅਤੇ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇ । ਉਸ ਨੇ ਉਹ ਨੂੰ ਉਹ ਸਭ ਕੁਝ ਦੇ ਦਿੱਤਾ ਅਤੇ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ ।

19ਉਹ ਉੱਥੋਂ ਉੱਠ ਕੇ ਚੱਲੀ ਗਈ ਅਤੇ ਆਪਣੇ ਉੱਤੋਂ ਬੁਰਕਾ ਲਾਹ ਸੁੱਟਿਆ ਅਤੇ ਵਿਧਵਾ ਦੇ ਬਸਤਰ ਪਾ ਲਏ ।

20ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥ ਬੱਕਰੀ ਦਾ ਲੇਲਾ ਭੇਜਿਆ ਤਾਂ ਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਇਸਤਰੀ ਦੇ ਹੱਥੋਂ ਮੋੜ ਲਿਆਵੇ ਅਤੇ ਉਹ ਉਸ ਨੂੰ ਨਾ ਲੱਭੀ ।

21ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਇਹ ਪੁੱਛਿਆ ਕਿ ਉਹ ਵੇਸ਼ਵਾ ਕਿੱਥੇ ਹੈ, ਜਿਹੜੀ ਏਨਯਿਮ ਦੇ ਰਸਤੇ ਉੱਤੇ ਬੈਠੀ ਸੀ ? ਤਦ ਉਨ੍ਹਾਂ ਨੇ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਸੀ ।

22ਉਹ ਯਹੂਦਾਹ ਦੇ ਕੋਲ ਮੁੜ ਆਇਆ ਅਤੇ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਤੇ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਹੈ ।

23ਯਹੂਦਾਹ ਦੇ ਆਖਿਆ ਉਹ ਉਸ ਨੂੰ ਰੱਖੇ । ਅਸੀਂ ਖੱਜਲ ਤਾਂ ਨਾ ਹੋਈਏ । ਵੇਖ ਮੈਂ ਤਾਂ ਲੇਲਾ ਭੇਜਿਆ ਸੀ, ਪਰ ਉਹ ਤੈਨੂੰ ਨਹੀਂ ਲੱਭੀ ।

24ਤਦ ਅਜਿਹਾ ਹੋਇਆ ਕਿ ਜਦ ਲਗਭਗ ਤਿੰਨ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਵਿਭਚਾਰ ਕੀਤਾ ਅਤੇ ਵੇਖ ਉਹ ਗਰਭਵਤੀ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂ ਜੋ ਉਹ ਸਾੜ ਦਿੱਤੀ ਜਾਵੇ ।

25ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਇਹ ਵੀ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਹਦੀ ਹੈ ।

26ਯਹੂਦਾਹ ਨੇ ਪਹਿਚਾਣ ਕੇ ਆਖਿਆ, ਉਹ ਮੇਰੇ ਨਾਲੋਂ ਵੱਧ ਧਰਮੀ ਹੈ ਕਿਉਂ ਜੋ ਮੈਂ ਉਸ ਦਾ ਵਿਆਹ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਕੀਤਾ ਅਤੇ ਯਹੂਦਾਹ ਨੇ ਅੱਗੇ ਨੂੰ ਉਸ ਦੇ ਨਾਲ ਸੰਗ ਨਾ ਕੀਤਾ ।

27ਅਜਿਹਾ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੋੜੇ ਸਨ ।

28ਅਤੇ ਜਦ ਉਹ ਜਨਮ ਦੇਣ ਲੱਗੀ ਤਾਂ ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਫੜ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, ਇਹ ਪਹਿਲਾਂ ਨਿੱਕਲਿਆ ਹੈ ।

29ਫਿਰ ਹੋਇਆ ਕਿ ਜਦ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦੇ ਭਰਾ ਨੇ ਜਨਮ ਲਿਆ ਅਤੇ ਦਾਈ ਨੇ ਆਖਿਆ, ਤੂੰ ਬਾਹਰ ਆਉਣ ਵਿੱਚ ਕਿਉਂ ਜ਼ੋਰ ਲਗਾਇਆ ਹੈਂ, ਇਹ ਜ਼ੋਰ ਤੇਰੇ ਉੱਤੇ ਆਵੇ ਇਸ ਲਈ ਉਸ ਨਾ ਨਾਮ ਪਾਰਸ ਰੱਖਿਆ ਗਿਆ ।

30ਉਸ ਤੋਂ ਬਾਅਦ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਬੰਨ੍ਹਿਆ ਗਿਆ ਸੀ, ਜਨਮ ਲਿਆ ਅਤੇ ਉਸ ਦਾ ਨਾਮ ਜ਼ਾਰਹ ਰੱਖਿਆ ਗਿਆ ।


  Share Facebook  |  Share Twitter

 <<  Genesis 38 >> 


Bible2india.com
© 2010-2025
Help
Dual Panel

Laporan Masalah/Saran