1ਜਦ ਇਸਹਾਕ ਵੱਡੀ ਉਮਰ ਦਾ ਹੋ ਗਿਆ, ਉਸ ਦੀਆਂ ਅੱਖਾਂ ਧੁੰਦਲਾ ਗਈਆਂ ਕਿ ਉਹ ਵੇਖ ਨਹੀਂ ਸਕਦਾ ਸੀ । ਤਦ ਉਸ ਨੇ ਆਪਣੇ ਵੱਡੇ ਪੁੱਤਰ ਏਸਾਓ ਨੂੰ ਸੱਦਕੇ ਆਖਿਆ, ਮੇਰੇ ਪੁੱਤਰ, ਉਸ ਨੇ ਆਖਿਆ, ਮੈਂ ਹਾਜ਼ਰ ਹਾਂ ।
2ਤਦ ਉਸ ਆਖਿਆ, ਵੇਖ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ ।
3ਸੋ ਤੂੰ ਹੁਣ ਆਪਣੇ ਸ਼ਸਤਰ ਅਰਥਾਤ ਧਣੁਖ ਅਤੇ ਤਰਕਸ਼ ਲੈ ਅਤੇ ਮੈਦਾਨ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ,
4ਅਤੇ ਮੇਰੇ ਲਈ ਸੁਆਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲਗਦਾ ਹੈ, ਅਤੇ ਮੇਰੇ ਅੱਗੇ ਪਰੋਸ ਤਾਂ ਜੋ ਮੈਂ ਖਾਵਾਂ ਅਤੇ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
5ਜਦ ਇਸਹਾਕ ਆਪਣੇ ਪੁੱਤਰ ਏਸਾਓ ਨਾਲ ਗੱਲ ਕਰਦਾ ਸੀ ਤਦ ਰਿਬਕਾਹ ਸੁਣਦੀ ਸੀ । ਫੇਰ ਏਸਾਓ ਮੈਦਾਨ ਵੱਲ ਚਲਾ ਗਿਆ ਕਿ ਸ਼ਿਕਾਰ ਮਾਰ ਕੇ ਲੈ ਆਵੇ ।
6ਤਦ ਰਿਬਕਾਹ ਨੇ ਆਪਣੇ ਪੁੱਤਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਆਖਦੇ ਸੁਣਿਆ
7ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ ।
8ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ ।
9ਇੱਜੜ ਵਿੱਚ ਜਾ ਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂ ਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲੱਗਦਾ ਹੈ, ਤਿਆਰ ਕਰਾਂ ।
10ਅਤੇ ਆਪਣੇ ਪਿਤਾ ਕੋਲ ਲੈ ਜਾ ਤਾਂ ਜੋ ਉਹ ਖਾਵੇ ਅਤੇ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ ।
11ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾਹ ਨੂੰ ਆਖਿਆ, ਵੇਖ ਮੇਰਾ ਭਰਾ ਏਸਾਓ ਜੱਤਵਾਲਾ ਮਨੁੱਖ ਹੈ ਅਤੇ ਮੈਂ ਰੋਮ ਹੀਣ ਮਨੁੱਖ ਹਾਂ ।
12ਸ਼ਾਇਦ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹ ਦੀਆਂ ਅੱਖਾਂ ਵਿੱਚ ਧੋਖੇਬਾਜ਼ ਹੋਵਾਂ ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਪਰ ਸਰਾਪ ਲਵਾਂ ਤਦ ਉਸ ਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤਰ ਤੇਰਾ ਸਰਾਪ ਮੇਰੇ ਉੱਤੇ ਆਵੇ ।
13ਤੂੰ ਸਿਰਫ਼ ਮੇਰੀ ਗੱਲ ਸੁਣ ਅਤੇ ਜਾ ਕੇ ਮੇਰੇ ਲਈ ਉਨ੍ਹਾਂ ਨੂੰ ਲੈ ਆ ।
14ਤਦ ਉਸ ਨੇ ਜਾ ਕੇ ਉਨ੍ਹਾਂ ਨੂੰ ਫੜਿਆ, ਆਪਣੀ ਮਾਤਾ ਕੋਲ ਲੈ ਆਇਆ ਅਤੇ ਉਸ ਦੀ ਮਾਤਾ ਨੇ ਸੁਆਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲਗਦਾ ਸੀ, ਤਿਆਰ ਕੀਤਾ ।
15ਤਦ ਰਿਬਕਾਹ ਨੇ ਆਪਣੇ ਵੱਡੇ ਪੁੱਤਰ ਏਸਾਓ ਦੇ ਬਸਤਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ, ਆਪਣੇ ਛੋਟੇ ਪੁੱਤਰ ਯਾਕੂਬ ਨੂੰ ਪਹਿਨਾਏ
16ਅਤੇ ਮੇਮਣਿਆਂ ਦੀਆਂ ਖੱਲਾਂ ਉਸ ਦੇ ਹੱਥਾਂ ਅਤੇ ਉਸ ਦੀ ਰੋਮ ਹੀਣ ਗਰਦਨ ਉੱਤੇ ਲਪੇਟੀਆਂ ।
17ਉਸ ਨੇ ਉਹ ਸੁਆਦਲਾ ਭੋਜਨ ਅਤੇ ਰੋਟੀ ਜਿਸ ਨੂੰ ਉਸ ਨੇ ਤਿਆਰ ਕੀਤਾ ਸੀ, ਆਪਣੇ ਪੁੱਤਰ ਯਾਕੂਬ ਦੇ ਹੱਥ ਵਿੱਚ ਦਿੱਤਾ ।
18ਤਦ ਉਸ ਨੇ ਆਪਣੇ ਪਿਤਾ ਕੋਲ ਜਾ ਕੇ ਆਖਿਆ, ਪਿਤਾ ਜੀ ਤਦ ਉਸ ਆਖਿਆ, ਕੀ ਗੱਲ ਹੈ ?
19ਤੂੰ ਕੌਣ ਹੈਂ ਮੇਰੇ ਪੁੱਤਰ ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਹਿਲੌਠਾ ਪੁੱਤਰ ਹਾਂ । ਮੈਂ ਜਿਵੇਂ ਤੁਸੀਂ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਕੀਤਾ । ਉੱਠੋ ਅਤੇ ਸ਼ਿਕਾਰ ਨੂੰ ਖਾਓ ਤਾਂ ਜੋ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ।
20ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, ਤੈਨੂੰ ਐਨੀ ਜਲਦੀ ਇਹ ਕਿਵੇਂ ਮਿਲ ਗਿਆ, ? ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹ ਨੂੰ ਮੇਰੇ ਅੱਗੇ ਲਿਆ ਦਿੱਤਾ ।
21ਇਸਹਾਕ ਨੇ ਯਾਕੂਬ ਨੂੰ ਆਖਿਆ, ਹੇ ਮੇਰੇ ਪੁੱਤਰ ਮੇਰੇ ਨੇੜੇ ਆ ਤਾਂ ਜੋ ਮੈਂ ਤੈਨੂੰ ਵੇਖਾਂ ਭਈ ਤੂੰ ਮੇਰਾ ਉਹੀ ਪੁੱਤਰ ਏਸਾਓ ਹੈਂ ਕਿ ਨਹੀਂ ।
22ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਤੇ ਉਸ ਉਹ ਨੂੰ ਹੱਥ ਲਗਾ ਕੇ ਆਖਿਆ, ਤੇਰੀ ਅਵਾਜ਼ ਤਾਂ ਯਾਕੂਬ ਦੀ ਹੈ ਪਰ ਹੱਥ ਏਸਾਓ ਦੇ ਹਨ ।
23ਉਸ ਨੇ ਉਹ ਨੂੰ ਨਾ ਪਛਾਣਿਆ ਕਿਉਂ ਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਜਤਾਉਲੇ ਸਨ, ਤਦ ਉਸ ਨੇ ਉਹ ਨੂੰ ਬਰਕਤ ਦਿੱਤੀ ।
24ਇਸਹਾਕ ਨੇ ਆਖਿਆ, ਕੀ ਤੂੰ ਸੱਚ-ਮੁੱਚ ਮੇਰਾ ਪੁੱਤਰ ਏਸਾਓ ਹੀ ਹੈਂ ? ਤਦ ਉਸ ਆਖਿਆ, ਮੈਂ ਹਾਂ ।
25ਉਸ ਨੇ ਆਖਿਆ, ਉਹ ਨੂੰ ਮੇਰੇ ਨੇੜੇ ਲਿਆ ਭਈ ਮੈਂ ਆਪਣੇ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਵਾਂ ਤਾਂ ਜੋ ਮੇਰਾ ਦਿਲ ਤੈਨੂੰ ਬਰਕਤ ਦੇਵੇ ਤਾਂ ਉਹ ਉਸ ਦੇ ਕੋਲ ਲੈ ਗਿਆ ਅਤੇ ਉਸ ਨੇ ਭੋਜਨ ਖਾਧਾ ਅਤੇ ਉਸ ਦੇ ਲਈ ਮਧ ਲਿਆਇਆ ਅਤੇ ਇਸਹਾਕ ਨੇ ਪੀਤੀ ।
26ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ ।
27ਫੇਰ ਉਸ ਨੇ ਨੇੜੇ ਜਾ ਕੇ ਉਸ ਨੂੰ ਚੁੰਮਿਆ ਤਾਂ ਉਸ ਦੇ ਬਸਤਰ ਦੀ ਬਾਸ਼ਨਾ ਸੁੰਘੀ ਅਤੇ ਉਸ ਨੂੰ ਬਰਕਤ ਦਿੱਤੀ । ਫੇਰ ਆਖਿਆ - ਵੇਖ, ਮੇਰੇ ਪੁੱਤਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ ਵਰਗੀ ਹੈ, ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ ।
28ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ, ਅਤੇ ਅਨਾਜ ਅਤੇ ਦਾਖ਼ਰਸ ਦੀ ਭਰਪੂਰੀ ਤੋਂ ਬਰਕਤ ਦੇਵੇ ।
29ਕੌਮਾਂ ਤੇਰੀ ਸੇਵਾ ਕਰਨ ਅਤੇ ਉੱਮਤਾਂ ਤੇਰੇ ਅੱਗੇ ਝੁੱਕਣ । ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋਵੇ ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁੱਕਣ । ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ, ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ ।
30ਤਦ ਅਜਿਹਾ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਅਤੇ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿੱਕਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰ ਕਰ ਕੇ ਆਇਆ ।
31ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਤੇ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ ਮੇਰੇ ਪਿਤਾ ਜੀ ਉੱਠੋ ਅਤੇ ਆਪਣੇ ਪੁੱਤਰ ਦੇ ਸ਼ਿਕਾਰ ਨੂੰ ਖਾਵੋ ਅਤੇ ਤੁਸੀਂ ਮੈਨੂੰ ਦਿਲ ਤੋਂ ਬਰਕਤ ਦੇਵੋ ।
32ਤਦ ਉਸ ਦੇ ਪਿਤਾ ਇਸਹਾਕ ਨੇ ਉਹ ਨੂੰ ਆਖਿਆ, ਤੂੰ ਕੌਣ ਹੈਂ ? ਉਸ ਆਖਿਆ, ਮੈਂ ਤੁਹਾਡਾ ਪਹਿਲੌਠਾ ਪੁੱਤਰ ਏਸਾਓ ਹਾਂ ।
33ਤਦ ਇਸਹਾਕ ਨੇ ਥਰ-ਥਰ ਕੰਬਦੇ ਹੋਏ ਆਖਿਆ, ਫੇਰ ਉਹ ਕੌਣ ਸੀ ਜਿਹੜਾ ਸ਼ਿਕਾਰ ਮਾਰ ਕੇ ਮੇਰੇ ਕੋਲ ਲਿਆਇਆ ? ਮੈਂ ਤੇਰੇ ਆਉਣ ਤੋਂ ਪਹਿਲਾਂ ਉਸ ਦੇ ਭੋਜਨ ਵਿਚੋਂ ਖਾਧਾ ਅਤੇ ਮੈਂ ਉਸੇ ਨੂੰ ਬਰਕਤ ਦਿੱਤੀ ਸੋ ਉਹ ਜ਼ਰੂਰ ਮੁਬਾਰਕ ਹੋਵੇਗਾ ।
34ਜਦ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਕੁੜੱਤਣ ਨਾਲ ਭੁੱਬਾਂ ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਮੈਨੂੰ, ਹਾਂ, ਮੈਨੂੰ ਵੀ ਬਰਕਤ ਦਿਓ ।
35ਤਦ ਉਸ ਆਖਿਆ ਤੇਰਾ ਭਰਾ ਧੋਖੇ ਨਾਲ ਆ ਕੇ ਤੇਰੀ ਬਰਕਤ ਲੈ ਗਿਆ ।
36ਉਸ ਨੇ ਆਖਿਆ, ਕੀ ਉਸ ਦਾ ਨਾਮ ਠੀਕ ਯਾਕੂਬ ਨਹੀਂ ਰੱਖਿਆ ਗਿਆ ਕਿ ਉਸ ਨੇ ਹੁਣ ਦੂਜੀ ਵਾਰ ਮੇਰੇ ਨਾਲ ਧੋਖਾ ਕੀਤਾ ਹੈ ? ਉਸ ਨੇ ਪਹਿਲੌਠੇ ਦਾ ਹੱਕ ਵੀ ਲੈ ਲਿਆ ਅਤੇ ਵੇਖੋ ਹੁਣ ਮੇਰੀ ਬਰਕਤ ਵੀ ਲੈ ਲਈ ਤਦ ਉਸ ਨੇ ਆਖਿਆ, ਕੀ ਤੁਸੀਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ ?
37ਤਦ ਇਸਹਾਕ ਨੇ ਏਸਾਓ ਨੂੰ ਇਹ ਉੱਤਰ ਦਿੱਤਾ, ਵੇਖ ਮੈਂ ਉਹ ਨੂੰ ਤੇਰਾ ਸਵਾਮੀ ਠਹਿਰਾਇਆ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੀ ਸੇਵਾ ਲਈ ਦਿੱਤਾ ਅਤੇ ਅਨਾਜ ਅਤੇ ਦਾਖ਼ਰਸ ਉਸ ਨੂੰ ਦਿੱਤੀ । ਹੁਣ ਮੇਰੇ ਪੁੱਤਰ ਮੈਂ ਤੇਰੇ ਲਈ ਕੀ ਕਰਾਂ ?
38ਤਦ ਏਸਾਓ ਨੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਕੀ ਤੁਹਾਡੇ ਕੋਲ ਇੱਕੋ ਹੀ ਬਰਕਤ ਹੈ ? ਹੇ ਮੇਰੇ ਪਿਤਾ ਮੈਨੂੰ ਵੀ ਬਰਕਤ ਦਿਓ ਤਾਂ ਏਸਾਓ ਨੇ ਉੱਚੀ-ਉੱਚੀ ਭੁੱਬਾਂ ਮਾਰੀਆਂ ਅਤੇ ਰੋਇਆ ।
39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਇਹ ਉੱਤਰ ਦਿੱਤਾ - ਵੇਖ, ਧਰਤੀ ਦੀ ਚਿਕਨਾਈ ਅਤੇ ਉੱਪਰੋਂ ਅਕਾਸ਼ ਦੀ ਤਰੇਲ ਤੋਂ ਤੇਰਾ ਰਹਿਣਾ ਹੋਵੇਗਾ ।
40ਤੂੰ ਆਪਣੀ ਤਲਵਾਰ ਨਾਲ ਜੀਵੇਂਗਾ ਅਤੇ ਤੂੰ ਆਪਣੇ ਭਰਾ ਦੀ ਸੇਵਾ ਕਰੇਂਗਾ ਅਤੇ ਜਦ ਤੂੰ ਅਵਾਰਾ ਫਿਰੇਂਗਾ ਤਾਂ ਤੂੰ ਉਹ ਦਾ ਜੂਲਾ ਆਪਣੀ ਧੌਣ ਉੱਤੋਂ ਭੰਨ ਸੁੱਟੇਗਾਂ ।
41ਏਸਾਓ ਨੇ ਯਾਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਵੈਰ ਰੱਖਿਆ, ਏਸਾਓ ਨੇ ਆਪਣੇ ਮਨ ਵਿੱਚ ਆਖਿਆ, ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ ਫੇਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਸੁੱਟਾਂਗਾ ।
42ਜਦ ਰਿਬਕਾਹ ਨੂੰ ਉਸ ਦੇ ਵੱਡੇ ਪੁੱਤਰ ਏਸਾਓ ਦੀਆਂ ਗੱਲਾਂ ਦੱਸੀਆਂ ਗਈਆਂ ਤਦ ਉਸ ਆਪਣੇ ਨਿੱਕੇ ਪੁੱਤਰ ਯਾਕੂਬ ਨੂੰ ਬੁਲਾ ਭੇਜਿਆ ਅਤੇ ਕਿਹਾ ਵੇਖ, ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਹੈ ਕਿ ਤੈਨੂੰ ਮਾਰ ਸੁੱਟੇ ।
43ਸੋ ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ । ਉੱਠ ਅਤੇ ਮੇਰੇ ਭਰਾ ਲਾਬਾਨ ਕੋਲ ਹਾਰਾਨ ਨੂੰ ਭੱਜ ਜਾ ।
44ਅਤੇ ਥੋੜ੍ਹੇ ਦਿਨ ਉਸ ਦੇ ਕੋਲ ਰਹਿ ਜਦ ਤੱਕ ਤੇਰੇ ਭਰਾ ਦਾ ਕਰੋਧ ਨਾ ਉਤਰ ਜਾਵੇ ।
45ਜਦ ਤੱਕ ਤੇਰੇ ਭਰਾ ਦਾ ਕਰੋਧ ਤੈਥੋਂ ਨਾ ਹੱਟ ਜਾਵੇ ਅਤੇ ਜੋ ਕੁਝ ਤੈਂ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇ ਤਦ ਤੱਕ ਮੈਂ ਤੈਨੂੰ ਉੱਥੋਂ ਨਹੀਂ ਸੱਦਾਂਗੀ । ਮੈਂ ਕਿਉਂ ਇੱਕ ਹੀ ਦਿਨ ਦੋਹਾਂ ਨੂੰ ਗਵਾ ਬੈਠਾਂ ?
46ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ । ਜੇਕਰ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ, ਜਿਵੇਂ ਇਸ ਦੇਸ਼ ਦੀਆਂ ਧੀਆਂ ਹਨ ਆਪਣੇ ਲਈ ਪਤਨੀ ਲੈ ਆਇਆ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ ?