Bible 2 India Mobile
[VER] : [PUNJABI]     [PL]  [PB] 
 <<  Genesis 17 >> 

1ਜਦ ਅਬਰਾਮ ਨੜਿੰਨਵੇਂ ਸਾਲ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ, ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ । ਤੂੰ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ ।

2ਮੈਂ ਆਪਣਾ ਨੇਮ ਆਪਣੇ ਅਤੇ ਤੇਰੇ ਵਿੱਚ ਬੰਨ੍ਹਾਂਗਾ ਅਤੇ ਮੈਂ ਤੈਨੂੰ ਹੱਦੋਂ ਬਾਹਲਾ ਵਧਾਵਾਂਗਾ ।

3ਤਦ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਤੇ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ

4ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ ।

5ਤੇਰਾ ਨਾਮ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ, ਪਰ ਤੇਰਾ ਨਾਮ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ ।

6ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ, ਮੈਂ ਤੈਥੋਂ ਕੌਮਾਂ ਬਣਾਵਾਂਗਾ ਅਤੇ ਤੇਰੀ ਪੀੜ੍ਹੀ ਤੋਂ ਰਾਜੇ ਨਿੱਕਲਣਗੇ ।

7ਮੈਂ ਆਪਣਾ ਨੇਮ ਆਪਣੇ ਅਤੇ ਤੇਰੀ ਅੰਸ ਦੇ ਵਿੱਚ ਜੋ ਤੇਰੇ ਬਾਅਦ ਹੋਵੇਗੀ ਸਗੋਂ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਨੇਮ ਕਰਕੇ ਬੰਨ੍ਹਾਂਗਾ, ਮੈਂ ਤੇਰਾ ਅਤੇ ਤੇਰੇ ਬਾਅਦ ਤੇਰੀ ਅੰਸ ਦਾ ਪਰਮੇਸ਼ੁਰ ਹੋਵਾਂਗਾ ।

8ਮੈਂ ਤੈਨੂੰ ਅਤੇ ਤੇਰੇ ਬਾਅਦ ਤੇਰੀ ਅੰਸ ਨੂੰ ਵੀ ਇਹ ਸਾਰਾ ਕਨਾਨ ਦੇਸ਼ ਜਿਸ ਵਿੱਚ ਤੂੰ ਪਰਦੇਸੀ ਹੋ ਕੇ ਰਹਿੰਦਾ ਹੈ, ਸਦਾ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ।

9ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਤੂੰ ਮੇਰੇ ਨੇਮ ਦੀ ਪਾਲਣਾ ਕਰ, ਤੂੰ ਅਤੇ ਤੇਰੇ ਬਾਅਦ ਤੇਰੀ ਅੰਸ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਇਸ ਨੇਮ ਦੀ ਪਾਲਣਾ ਕਰਨ ।

10ਮੇਰਾ ਇਹ ਨੇਮ, ਜਿਸ ਦੀ ਪਾਲਣਾ ਤੈਨੂੰ ਅਤੇ ਤੇਰੇ ਬਾਅਦ ਅੰਸ ਨੂੰ ਕਰਨੀ ਹੈ, ਉਹ ਇਹ ਹੈ: ਤੁਹਾਡੇ ਵਿੱਚੋਂ ਹਰ ਇੱਕ ਪੁਰਖ ਦੀ ਸੁੰਨਤ ਕੀਤੀ ਜਾਵੇ ।

11ਤੁਸੀਂ ਆਪਣੇ ਬਦਨ ਦੀ ਖੱਲੜੀ ਦੀ ਸੁੰਨਤ ਕਰਾਓ ਅਤੇ ਇਹ ਮੇਰੇ ਅਤੇ ਤੁਹਾਡੇ ਵਿੱਚ ਉਸ ਨੇਮ ਦਾ ਨਿਸ਼ਾਨ ਹੋਵੇਗਾ ।

12ਤੁਹਾਡੇ ਵਿੱਚ ਹਰ ਇੱਕ ਅੱਠਾਂ ਦਿਨਾਂ ਦੇ ਨਰ ਦੀ ਸੁੰਨਤ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ, ਭਾਵੇਂ ਉਹ ਤੇਰੇ ਘਰਾਣੇ ਦਾ ਹੋਵੇ, ਭਾਵੇਂ ਉਹ ਕਿਸੇ ਪਰਦੇਸੀ ਤੋਂ ਜੋ ਤੇਰੀ ਅੰਸ ਦਾ ਨਹੀਂ ਹੈ ਚਾਂਦੀ ਨਾਲ ਮੁੱਲ ਲਿਆ ਹੋਵੇ ।

13ਜੋ ਤੇਰੇ ਘਰਾਣੇ ਵਿੱਚ ਪੈਦਾ ਹੋਵੇ ਅਤੇ ਚਾਂਦੀ ਨਾਲ ਮੁੱਲ ਲਏ ਹੋਣ, ਉਨ੍ਹਾਂ ਦੀ ਸੁੰਨਤ ਜ਼ਰੂਰ ਕੀਤੀ ਜਾਵੇ । ਇਸ ਤਰ੍ਹਾਂ ਮੇਰਾ ਨੇਮ ਜਿਸਦਾ ਨਿਸ਼ਾਨ ਤੁਹਾਡੇ ਸਰੀਰ ਵਿੱਚ ਹੋਵੇਗਾ ਉਹ ਇੱਕ ਅਨੰਤ ਨੇਮ ਹੋਵੇਗਾ ।

14ਪਰ ਜੋ ਪੁਰਖ ਬੇਸੁੰਨਤਾ ਰਹੇ ਅਤੇ ਜਿਸ ਦੀ ਖੱਲੜੀ ਦੀ ਸੁੰਨਤ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ ਕਿਉਂ ਜੋ ਉਸ ਨੇ ਮੇਰੇ ਨੇਮ ਨੂੰ ਤੋੜਿਆ ਹੈ ।

15ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ, ਤੂੰ ਉਸ ਨੂੰ ਸਾਰਈ ਨਾ ਆਖੀਂ ਸਗੋਂ ਹੁਣ ਤੋਂ ਉਸ ਦਾ ਨਾਮ ਸਾਰਾਹ ਹੋਵੇਗਾ ।

16ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਸ ਤੋਂ ਮੈਂ ਤੈਨੂੰ ਇੱਕ ਪੁੱਤਰ ਵੀ ਦਿਆਂਗਾ । ਮੈਂ ਉਹ ਨੂੰ ਅਜਿਹੀ ਅਸੀਸ ਦਿਆਂਗਾ ਕਿ ਉਹ ਕੌਮਾਂ ਦੀ ਮਾਤਾ ਹੋਵੇਗੀ, ਕੌਮਾਂ ਦੇ ਰਾਜੇ ਉਸ ਤੋਂ ਪੈਦਾ ਹੋਣਗੇ ।

17ਤਦ ਅਬਰਾਹਾਮ ਆਪਣੇ ਮੂੰਹ ਭਾਰ ਡਿੱਗ ਪਿਆ ਅਤੇ ਉਹ ਹੱਸਿਆ ਅਤੇ ਆਪਣੇ ਮਨ ਵਿੱਚ ਆਖਿਆ, ਭਲਾ, ਸੌ ਸਾਲ ਦੇ ਪੁਰਖ ਤੋਂ ਪੁੱਤਰ ਹੋਵੇਗਾ ? ਅਤੇ ਕੀ ਸਾਰਾਹ ਜੋ ਨੱਬੇ ਸਾਲਾਂ ਦੀ ਹੈ, ਪੁੱਤਰ ਜਣੇਗੀ ?

18ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, ਇਸਮਾਏਲ ਹੀ ਤੇਰੇ ਨਜ਼ਰ ਵਿੱਚ ਬਣਿਆ ਰਹੇ, ਇਹ ਹੀ ਬਹੁਤ ਹੈ ।

19ਪਰ ਪਰਮੇਸ਼ੁਰ ਨੇ ਆਖਿਆ, ਤੇਰੀ ਪਤਨੀ ਸਾਰਾਹ ਜ਼ਰੂਰ ਤੇਰੇ ਲਈ ਇੱਕ ਪੁੱਤਰ ਜਣੇਗੀ, ਤੂੰ ਉਹ ਦਾ ਨਾਮ ਇਸਹਾਕ ਰੱਖੀਂ ਅਤੇ ਮੈਂ ਆਪਣਾ ਨੇਮ ਉਹ ਦੇ ਨਾਲ ਅਤੇ ਉਹ ਦੇ ਬਾਅਦ ਉਹ ਦੀ ਅੰਸ ਨਾਲ, ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ ।

20ਇਸਮਾਏਲ ਦੇ ਲਈ ਵੀ ਮੈਂ ਤੇਰੀ ਸੁਣੀ ਹੈ । ਵੇਖ, ਮੈਂ ਉਹ ਨੂੰ ਅਸੀਸ ਦਿੱਤੀ ਹੈ ਅਤੇ ਮੈਂ ਉਹ ਨੂੰ ਫਲਵੰਤ ਬਣਾਵਾਂਗਾ ਅਤੇ ਹੱਦੋਂ ਬਾਹਲਾ ਵਧਾਵਾਂਗਾ । ਉਸ ਤੋਂ ਬਾਰਾਂ ਪ੍ਰਧਾਨ ਜੰਮਣਗੇ ਅਤੇ ਮੈਂ ਉਹ ਨੂੰ ਇੱਕ ਵੱਡੀ ਕੌਮ ਬਣਾਵਾਂਗਾ ।

21ਪਰ ਮੈਂ ਆਪਣਾ ਨੇਮ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਸ ਨੂੰ ਸਾਰਾਹ ਆਉਣ ਵਾਲੇ ਸਾਲ ਵਿੱਚ ਇਸੇ ਸਮੇਂ ਤੇਰੇ ਲਈ ਜਣੇਗੀ ।

22ਜਦ ਪਰਮੇਸ਼ੁਰ ਅਬਰਾਹਾਮ ਨਾਲ ਗੱਲਾਂ ਕਰ ਹਟਿਆ, ਤਦ ਪਰਮੇਸ਼ੁਰ ਅਬਰਾਹਾਮ ਕੋਲੋਂ ਉਤਾਹਾਂ ਚਲਾ ਗਿਆ ।

23ਤਦ ਅਬਰਾਹਾਮ ਨੇ ਆਪਣੇ ਪੁੱਤਰ ਇਸਮਾਏਲ, ਆਪਣੇ ਘਰਾਣੇ ਵਿੱਚ ਜੰਮਿਆ ਹੋਇਆਂ ਨੂੰ, ਜਿੰਨ੍ਹੇ ਉਸ ਨੇ ਆਪਣੀ ਚਾਂਦੀ ਨਾਲ ਮੁੱਲ ਲਏ ਸਨ ਅਰਥਾਤ ਉਸ ਦੇ ਘਰ ਵਿੱਚ ਜਿੰਨ੍ਹੇ ਪੁਰਖ ਸਨ ਉਨ੍ਹਾਂ ਸਾਰਿਆਂ ਨੂੰ ਲੈ ਕੇ ਉਸੇ ਦਿਨ ਉਨ੍ਹਾਂ ਦੀ ਖੱਲੜੀ ਦੀ ਸੁੰਨਤ ਕਰਾਈ, ਜਿਵੇਂ ਪਰਮੇਸ਼ੁਰ ਨੇ ਉਸ ਦੇ ਨਾਲ ਗੱਲ ਕੀਤੀ ਸੀ ।

24ਜਦ ਅਬਰਾਹਾਮ ਦੀ ਖੱਲੜੀ ਦੀ ਸੁੰਨਤ ਕੀਤੀ ਗਈ ਤਦ ਅਬਰਾਹਾਮ ਨੜਿੰਨਵੇਂ ਸਾਲ ਦਾ ਸੀ,

25ਅਤੇ ਇਸਮਾਏਲ ਤੇਰਾਂ ਸਾਲਾਂ ਦਾ ਸੀ, ਜਦ ਉਸ ਦੀ ਖੱਲੜੀ ਦੀ ਸੁੰਨਤ ਕੀਤੀ ਗਈ ।

26ਅਬਰਾਹਾਮ ਤੇ ਉਹ ਦੇ ਪੁੱਤਰ ਇਸਮਾਏਲ ਦੀ ਸੁੰਨਤ ਇੱਕੋ ਦਿਨ ਹੋਈ ।

27ਅਤੇ ਉਹ ਦੇ ਘਰ ਦੇ ਸਾਰੇ ਪੁਰਖਾਂ ਦੀ ਭਾਵੇਂ ਉਹ ਉਸ ਦੇ ਘਰਾਣੇ ਵਿੱਚ ਜੰਮੇ ਸਨ, ਭਾਵੇਂ ਪਰਦੇਸੀਆਂ ਤੋਂ ਚਾਂਦੀ ਦੇ ਕੇ ਮੁੱਲ ਲਏ ਹੋਏ ਸਨ, ਸਾਰਿਆਂ ਦੀ ਸੁੰਨਤ ਉਸ ਦੇ ਨਾਲ ਹੀ ਕੀਤੀ ਗਈ ।


  Share Facebook  |  Share Twitter

 <<  Genesis 17 >> 


Bible2india.com
© 2010-2025
Help
Dual Panel

Laporan Masalah/Saran