Bible 2 India Mobile
[VER] : [PUNJABI]     [PL]  [PB] 
 <<  Genesis 12 >> 

1ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ, ਤੂੰ ਆਪਣੇ ਦੇਸ਼, ਆਪਣੇ ਲੋਕ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ ।

2ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ ।

3ਜੋ ਤੈਨੂੰ ਅਸੀਸ ਦੇਣ, ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ ਅਤੇ ਜੋ ਤੈਨੂੰ ਸਰਾਪ ਦੇਣ, ਉਨ੍ਹਾਂ ਨੂੰ ਮੈਂ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ ।

4ਸੋ ਯਹੋਵਾਹ ਦੇ ਬਚਨ ਅਨੁਸਾਰ ਅਬਰਾਮ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ । ਜਦੋਂ ਅਬਰਾਮ ਹਾਰਾਨ ਦੇਸ਼ ਤੋਂ ਨਿੱਕਲਿਆ, ਉਸ ਸਮੇਂ ਉਹ ਪੰਝੱਤਰ ਸਾਲ ਦਾ ਸੀ ।

5ਇਸ ਤਰ੍ਹਾਂ ਅਬਰਾਮ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ ਅਤੇ ਉਸ ਸਾਰੇ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪ੍ਰਾਪਤ ਕੀਤਾ ਸੀ, ਲੈ ਕੇ ਕਨਾਨ ਦੇਸ਼ ਨੂੰ ਜਾਣ ਲਈ ਨਿੱਕਲਿਆ ਅਤੇ ਉਹ ਕਨਾਨ ਦੇਸ਼ ਵਿੱਚ ਆ ਗਏ ।

6ਅਬਰਾਮ ਉਸ ਦੇਸ਼ ਵਿੱਚੋਂ ਲੰਘਦੇ ਹੋਏ ਸ਼ਕਮ ਨੂੰ ਜਿੱਥੇ ਮੋਰਹ ਦੇ ਬਲੂਤ ਹਨ, ਪਹੁੰਚ ਗਿਆ । ਉਸ ਸਮੇਂ ਉੱਥੇ ਕਨਾਨੀ ਲੋਕ ਰਹਿੰਦੇ ਸਨ ।

7ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਆਖਿਆ, ਇਹ ਦੇਸ਼ ਮੈਂ ਤੇਰੀ ਅੰਸ ਨੂੰ ਦਿਆਂਗਾ । ਤਦ ਅਬਰਾਮ ਨੇ ਉੱਥੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ, ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ।

8ਤਦ ਉੱਥੋਂ ਉਹ ਇੱਕ ਪਹਾੜ ਨੂੰ ਆਇਆ ਜੋ ਬੈਤ-ਏਲ ਤੋਂ ਪੂਰਬ ਵੱਲ ਹੈ, ਅਤੇ ਉੱਥੇ ਜਾ ਕੇ ਆਪਣਾ ਤੰਬੂ ਲਾਇਆ । ਜਿੱਥੋਂ ਪੱਛਮ ਵੱਲ ਬੈਤ-ਏਲ ਅਤੇ ਪੂਰਬ ਵੱਲ ਅਈ ਹੈ, ਉੱਥੇ ਵੀ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਨੂੰ ਪੁਕਾਰਿਆ ।

9ਅਬਰਾਮ ਸਫ਼ਰ ਕਰਦਾ-ਕਰਦਾ ਦੱਖਣ ਵੱਲ ਤੁਰਦਾ ਗਿਆ ।

10ਫੇਰ ਉਸ ਦੇਸ਼ ਵਿੱਚ ਕਾਲ ਪੈ ਗਿਆ । ਇਸ ਲਈ ਅਬਰਾਮ ਪਰਦੇਸੀ ਹੋ ਕੇ ਮਿਸਰ ਵਿੱਚ ਰਹਿਣ ਲਈ ਗਿਆ, ਕਿਉਂਕਿ ਉਸ ਦੇਸ਼ ਵਿੱਚ ਭਿਅੰਕਰ ਕਾਲ ਪਿਆ ਸੀ ।

11ਜਦ ਉਹ ਮਿਸਰ ਵਿੱਚ ਪਹੁੰਚਣ ਵਾਲਾ ਸੀ ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਆਖਿਆ, ਵੇਖ ਮੈਂ ਜਾਣਦਾ ਹਾਂ ਕਿ ਤੂੰ ਇੱਕ ਸੋਹਣੀ ਇਸਤਰੀ ਹੈਂ,

12ਜਦ ਮਿਸਰੀ ਤੈਨੂੰ ਵੇਖਣਗੇ ਤਦ ਉਹ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਇਸ ਕਾਰਨ ਉਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ ।

13ਇਸ ਲਈ ਤੂੰ ਆਖੀਂ ਕਿ ਮੈਂ ਉਸ ਦੀ ਭੈਣ ਹਾਂ, ਤਾਂ ਜੋ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਜਾਵੇ ।

14ਫਿਰ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਸ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ ।

15ਤਦ ਫ਼ਿਰਾਊਨ ਦੇ ਹਾਕਮਾਂ ਨੇ ਉਸ ਨੂੰ ਵੇਖਕੇ, ਫ਼ਿਰਾਊਨ ਦੇ ਅੱਗੇ ਉਸ ਦੀ ਵਡਿਆਈ ਕੀਤੀ, ਤਦ ਉਹ ਇਸਤਰੀ ਫ਼ਿਰਾਊਨ ਦੇ ਘਰ ਵਿੱਚ ਪਹੁੰਚਾਈ ਗਈ ।

16ਤਦ ਫ਼ਿਰਊਨ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ । ਇਸ ਲਈ ਉਸ ਦੇ ਕੋਲ ਇੱਜੜ, ਗਾਈਆਂ-ਬਲਦ, ਗਧੇ-ਗਧੀਆਂ, ਦਾਸ-ਦਾਸੀਆਂ ਅਤੇ ਊਠ ਹੋ ਗਏ ।

17ਪਰ ਯਹੋਵਾਹ ਨੇ ਫ਼ਿਰਾਊਨ ਅਤੇ ਉਹ ਦੇ ਘਰਾਣੇ ਉੱਤੇ ਅਬਰਾਮ ਦੀ ਪਤਨੀ ਸਾਰਈ ਦੇ ਕਾਰਨ ਵੱਡੀਆਂ ਬਵਾਂ ਪਾਈਆਂ ।

18ਤਦ ਫ਼ਿਰਾਊਨ ਨੇ ਅਬਰਾਮ ਨੂੰ ਬੁਲਾ ਕੇ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ ਹੈ ? ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਪਤਨੀ ਹੈ ?

19ਤੂੰ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ ? ਤਦ ਹੀ ਮੈਂ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਲਿਆ । ਹੁਣ ਆਪਣੀ ਪਤਨੀ ਨੂੰ ਲੈ ਅਤੇ ਜਾ ।

20ਤਦ ਫ਼ਿਰਾਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ, ਤਦ ਉਨ੍ਹਾਂ ਨੇ ਅਬਰਾਮ ਅਤੇ ਉਸ ਦੀ ਪਤਨੀ ਨੂੰ ਅਤੇ ਜੋ ਕੁਝ ਉਸ ਦਾ ਸੀ, ਉਸਨੂੰ ਦੇ ਕੇ ਉੱਥੋਂ ਤੋਰ ਦਿੱਤਾ ।


  Share Facebook  |  Share Twitter

 <<  Genesis 12 >> 


Bible2india.com
© 2010-2025
Help
Dual Panel

Laporan Masalah/Saran