Bible 2 India Mobile
[VER] : [PUNJABI]     [PL]  [PB] 
 <<  Leviticus 3 >> 

1ਜੇਕਰ ਉਸ ਦਾ ਚੜ੍ਹਾਵਾ ਸੁੱਖ-ਸਾਂਦ ਦੀ ਬਲੀ ਦਾ ਹੋਵੇ ਅਤੇ ਜੇਕਰ ਉਹ ਉਸਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲ਼ਦ ਹੋਵੇ ਭਾਵੇਂ ਗਾਂ, ਉਹ ਦੋਸ਼ ਰਹਿਤ ਪਸ਼ੂ ਯਹੋਵਾਹ ਦੇ ਅੱਗੇ ਚੜ੍ਹਾਵੇ ।

2ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।

3ਉਹ ਸੁੱਖ-ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ

4ਅਤੇ ਦੋਵੇਂ ਗੁਰਦੇ, ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।

5ਅਤੇ ਹਾਰੂਨ ਦੇ ਪੁੱਤਰ ਉਸ ਨੂੰ ਹੋਮ ਬਲੀ ਕਰਕੇ ਲੱਕੜ ਦੀ ਅੱਗ ਵਿੱਚ ਸਾੜਨ ਜਿਹੜੀ ਜਗਵੇਦੀ ਦੇ ਉੱਤੇ ਹੈ । ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ ।

6ਜੇਕਰ ਯਹੋਵਾਹ ਦੇ ਲਈ ਉਸ ਦੀ ਸੁੱਖ-ਸਾਂਦ ਦੀ ਭੇਟ ਇੱਜੜ ਵਿੱਚੋਂ ਹੋਵੇ, ਭਾਵੇਂ ਨਰ ਹੋਵੇ ਭਾਵੇਂ ਮਾਦਾ, ਉਹ ਉਸ ਨੂੰ ਦੋਸ਼ ਰਹਿਤ ਚੜ੍ਹਾਵੇ ।

7ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਲਈ ਚੜ੍ਹਾਵੇ ।

8ਉਹ ਆਪਣਾ ਹੱਥ ਆਪਣੀ ਭੇਟ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਵੱਢ ਦੇਵੇ, ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।

9ਤਦ ਸੁੱਖ-ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ ਅਰਥਾਤ ਉਸ ਦੀ ਚਰਬੀ ਨਾਲ ਭਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਵੱਖ ਕਰੇ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,

10ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।

11ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਭੋਜ ਦੇ ਸਮਾਨ ਹੈ ।

12ਅਤੇ ਜੇਕਰ ਉਹ ਭੇਟ ਵਿੱਚ ਬੱਕਰਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ ।

13ਉਹ ਆਪਣਾ ਹੱਥ ਉਸ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਚੁਫ਼ੇਰੇ ਛਿੜਕਣ ।

14ਤਦ ਉਹ ਉਸ ਵਿੱਚੋਂ ਆਪਣੀ ਭੇਟ ਯਹੋਵਾਹ ਦੇ ਲਈ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਵੇ ਅਰਥਾਤ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ,

15ਅਤੇ ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ ।

16ਜਾਜਕ ਉਨ੍ਹਾਂ ਨੂੰ ਜਗਵੇਦੀ ਦੇ ਉੱਤੇ ਸਾੜੇ । ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਹੋਵਾਹ ਲਈ ਹੈ ।

17ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਦੇ ਲਈ ਸਦਾ ਦੀ ਬਿਧੀ ਹੈ ਕਿ ਤੁਸੀਂ ਚਰਬੀ ਅਤੇ ਲਹੂ ਕਦੀ ਨਾ ਖਾਣਾ ।


  Share Facebook  |  Share Twitter

 <<  Leviticus 3 >> 


Bible2india.com
© 2010-2025
Help
Dual Panel

Laporan Masalah/Saran