Bible 2 India Mobile
[VER] : [PUNJABI]     [PL]  [PB] 
 <<  Leviticus 18 >> 

1ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,

2ਇਸਰਾਏਲੀਆਂ ਨਾਲ ਗੱਲ ਕਰ ਕੇ ਆਖ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

3ਤੁਸੀਂ ਮਿਸਰ ਦੇ ਦੇਸ਼ ਦੇ ਕੰਮਾਂ ਦੇ ਅਨੁਸਾਰ ਨਾ ਕਰਨਾ, ਜਿਸ ਦੇ ਵਿੱਚ ਤੁਸੀਂ ਵੱਸਦੇ ਸੀ ਅਤੇ ਨਾ ਕਨਾਨ ਦੇ ਕੰਮਾਂ ਦੇ ਅਨੁਸਾਰ ਕਰਨਾ, ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਨਾ ਹੀ ਤੁਸੀਂ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਣਾ ।

4ਤੁਸੀਂ ਮੇਰੇ ਹੀ ਨਿਯਮਾਂ ਨੂੰ ਮੰਨਣਾ ਅਤੇ ਮੇਰੀਆਂ ਹੀ ਬਿਧੀਆਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

5ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਪਾਲਣਾ ਕਰਨਾ । ਜਿਹੜਾ ਇਨ੍ਹਾਂ ਦੀ ਪਾਲਣਾ ਕਰੇਗਾ, ਉਹ ਇਨ੍ਹਾਂ ਦੇ ਕਾਰਨ ਜੀਉਂਦਾ ਰਹੇਗਾ । ਮੈਂ ਹੀ ਯਹੋਵਾਹ ਹਾਂ ।

6ਤੁਹਾਡੇ ਵਿੱਚੋਂ ਕੋਈ ਆਪਣੇ ਨਜ਼ਦੀਕੀ ਰਿਸ਼ਤੇਦਾਰ ਦਾ ਨੰਗੇਜ ਉਘਾੜਨ ਲਈ ਉਨ੍ਹਾਂ ਦੇ ਕੋਲ ਨਾ ਜਾਵੇ । ਮੈਂ ਯਹੋਵਾਹ ਹਾਂ ।

7ਤੂੰ ਆਪਣੇ ਪਿਤਾ ਦਾ ਨੰਗੇਜ ਅਤੇ ਆਪਣੀ ਮਾਂ ਦਾ ਨੰਗੇਜ ਨਾ ਉਘਾੜੀਂ, ਉਹ ਤੇਰੀ ਮਾਂ ਹੈ, ਤੂੰ ਉਸ ਦਾ ਨੰਗੇਜ ਨਾ ਉਘਾੜੀਂ ।

8ਤੂੰ ਆਪਣੀ ਸੌਤੇਲੀ ਮਾਂ ਦਾ ਨੰਗੇਜ ਨਾ ਉਘਾੜੀਂ, ਇਹ ਤਾਂ ਤੇਰੇ ਪਿਤਾ ਦਾ ਹੀ ਨੰਗੇਜ ਹੈ ।

9ਤੂੰ ਆਪਣੀ ਭੈਣ ਭਾਵੇਂ ਉਹ ਤੇਰੀ ਸੱਕੀ ਭੈਣ ਹੋਵੇ ਜਾਂ ਸੌਤੇਲੀ, ਭਾਵੇਂ ਘਰ ਵਿੱਚ ਜੰਮੀ ਹੋਏ ਭਾਵੇਂ ਬਾਹਰ, ਤੂੰ ਉਸ ਦਾ ਨੰਗੇਜ ਨਾ ਉਘਾੜੀਂ ।

10ਤੂੰ ਆਪਣੀ ਪੋਤਰੀ ਜਾਂ ਆਪਣੀ ਦੋਤਰੀ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਨ੍ਹਾਂ ਦਾ ਨੰਗੇਜ ਤਾਂ ਤੇਰਾ ਆਪਣਾ ਹੀ ਹੈ ।

11ਤੂੰ ਆਪਣੀ ਸੌਤੇਲੀ ਭੈਣ ਦਾ, ਜੋ ਤੇਰੇ ਪਿਤਾ ਤੋਂ ਜੰਮੀ ਹੈ, ਉਸ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਭੈਣ ਹੈ ।

12ਤੂੰ ਆਪਣੇ ਪਿਤਾ ਦੀ ਭੈਣ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ ।

13ਤੂੰ ਆਪਣੀ ਮਾਂ ਦੀ ਭੈਣ ਦਾ ਨੰਗੇਜ ਨਾ ਉਘਾੜੀਂ, ਕਿਉਂ ਜੋ ਉਹ ਤੇਰੀ ਮਾਂ ਦੀ ਨਜ਼ਦੀਕੀ ਰਿਸ਼ਤੇਦਾਰ ਹੈ ।

14ਤੂੰ ਆਪਣੇ ਪਿਤਾ ਦੇ ਭਰਾ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੀ ਪਤਨੀ ਕੋਲ ਜਾਵੀਂ, ਉਹ ਤਾਂ ਤੇਰੀ ਚਾਚੀ ਹੈ ।

15ਤੂੰ ਆਪਣੀ ਨੂੰਹ ਦਾ ਨੰਗੇਜ ਨਾ ਉਘਾੜੀਂ, ਉਹ ਤੇਰੇ ਪੁੱਤਰ ਦੀ ਪਤਨੀ ਹੈ, ਇਸ ਲਈ ਤੂੰ ਉਸ ਦਾ ਨੰਗੇਜ ਨਾ ਉਘਾੜੀਂ ।

16ਤੂੰ ਆਪਣੇ ਭਰਾ ਦੀ ਪਤਨੀ ਦਾ ਨੰਗੇਜ ਨਾ ਉਘਾੜੀਂ, ਉਹ ਤਾਂ ਤੇਰੇ ਭਰਾ ਦਾ ਨੰਗੇਜ ਹੈ ।

17ਤੂੰ ਕਿਸੇ ਇਸਤਰੀ ਅਤੇ ਉਸ ਦੀ ਧੀ ਦਾ ਨੰਗੇਜ ਨਾ ਉਘਾੜੀਂ, ਨਾ ਤੂੰ ਉਸ ਦੀ ਪੋਤਰੀ ਨੂੰ ਜਾਂ ਉਸ ਦੀ ਦੋਤਰੀ ਨੂੰ ਉਸ ਦਾ ਨੰਗੇਜ ਉਘਾੜਣ ਲਈ ਲਿਆਵੀਂ, ਕਿਉਂ ਜੋ ਉਹ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ, ਅਜਿਹਾ ਕਰਨਾ ਦੁਸ਼ਟਤਾ ਹੈ ।

18ਤੂੰ ਆਪਣੀ ਪਤਨੀ ਨੂੰ ਦੁੱਖ ਦੇਣ ਲਈ, ਉਸ ਦੀ ਭੈਣ ਨੂੰ ਉਸ ਦਾ ਨੰਗੇਜ ਉਘਾੜਣ ਲਈ ਨਾ ਵਿਆਹਵੀਂ ਜਦ ਕਿ ਤੇਰੀ ਪਹਿਲੀ ਪਤਨੀ ਅਜੇ ਜੀਉਂਦੀ ਹੈ ।

19ਜਦ ਤੱਕ ਕੋਈ ਇਸਤਰੀ ਆਪਣੀ ਮਾਹਵਾਰੀ ਕਾਰਨ ਅਸ਼ੁੱਧ ਹੈ, ਤਾਂ ਤੂੰ ਉਸ ਦਾ ਨੰਗੇਜ ਉਘਾੜਣ ਲਈ ਉਸ ਦੇ ਕੋਲ ਨਾ ਜਾਵੀਂ ।

20ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਗ ਕਰਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੀਂ ।

21ਅਤੇ ਤੂੰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਅੱਗ ਦੇ ਵਿੱਚੋਂ ਨਾ ਲੰਘਾਵੀ, ਨਾ ਤੂੰ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਬਦਨਾਮ ਕਰੀਂ, ਮੈਂ ਯਹੋਵਾਹ ਹਾਂ ।

22ਜਿਸ ਤਰ੍ਹਾਂ ਤੂੰ ਇਸਤਰੀ ਨਾਲ ਸੰਗ ਕਰਦਾ ਹੈਂ, ਉਸੇ ਤਰ੍ਹਾਂ ਕਿਸੇ ਪੁਰਖ ਦੇ ਨਾਲ ਸੰਗ ਨਾ ਕਰੀਂ, ਇਹ ਘਿਣਾਉਣਾ ਕੰਮ ਹੈ ।

23ਤੂੰ ਕਿਸੇ ਪਸ਼ੂ ਦੇ ਨਾਲ ਸੰਗ ਕਰਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੀਂ ਅਤੇ ਨਾ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਜਾ ਕੇ ਖੜ੍ਹੀ ਹੋਵੇ ਤਾਂ ਜੋ ਉਸ ਤੋਂ ਸੰਗ ਕਰਵਾਏ, ਇਹ ਘਿਣਾਉਣਾ ਕੰਮ ਹੈ ।

24ਅਜਿਹਾ ਕੋਈ ਵੀ ਕੰਮ ਕਰਕੇ ਤੁਸੀਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨਾ, ਕਿਉਂ ਜੋ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਣ ਵਾਲਾ ਹਾਂ, ਅਜਿਹੇ ਹੀ ਕੰਮ ਕਰਕੇ ਭ੍ਰਿਸ਼ਟ ਹੋ ਗਈਆਂ ਹਨ,

25ਅਤੇ ਧਰਤੀ ਵੀ ਅਸ਼ੁੱਧ ਹੋ ਗਈ ਹੈ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਬਦੀ ਦਾ ਬਦਲਾ ਦਿੰਦਾ ਹਾਂ ਅਤੇ ਉਹ ਧਰਤੀ ਵੀ ਆਪਣੇ ਵਾਸੀਆਂ ਨੂੰ ਉਗਲ ਦਿੰਦੀ ਹੈ ।

26ਇਸ ਲਈ ਤੁਸੀਂ ਮੇਰੀਆਂ ਬਿਧੀਆਂ ਅਤੇ ਨਿਯਮਾਂ ਦੀ ਸਦਾ ਪਾਲਣਾ ਕਰਨਾ ਅਤੇ ਭਾਵੇਂ ਆਪਣੇ ਦੇਸ਼ ਦਾ ਭਾਵੇਂ ਪਰਦੇਸੀ ਜਿਹੜਾ ਤੁਹਾਡੇ ਵਿਚਕਾਰ ਵੱਸਦਾ ਹੈ, ਕੋਈ ਵੀ ਅਜਿਹੇ ਘਿਣਾਉਣੇ ਕੰਮ ਨਾ ਕਰੇ ।

27ਕਿਉਂ ਜੋ ਅਜਿਹੇ ਘਿਣਾਉਣੇ ਕੰਮ ਕਰਕੇ ਹੀ ਉਸ ਦੇਸ਼ ਦੇ ਵਾਸੀਆਂ ਨੇ ਜੋ ਉੱਥੇ ਰਹਿੰਦੇ ਸਨ, ਉਸ ਧਰਤੀ ਨੂੰ ਅਸ਼ੁੱਧ ਕਰ ਦਿੱਤਾ ਹੈ ।

28ਅਜਿਹਾ ਨਾ ਹੋਵੇ ਕਿ ਜਿਵੇਂ ਉਸ ਧਰਤੀ ਨੇ ਉਨ੍ਹਾਂ ਕੌਮਾਂ ਨੂੰ ਉਗਲ ਦਿੱਤਾ, ਜਿਹੜੀਆਂ ਤੁਹਾਡੇ ਤੋਂ ਪਹਿਲਾਂ ਉੱਥੇ ਸਨ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਵੀ ਉਗਲ ਦੇਵੇ, ਜਦ ਤੁਸੀਂ ਅਸ਼ੁੱਧਤਾਈ ਦੇ ਕੰਮ ਕਰੋ ।

29ਜਿਹੜੇ ਵੀ ਲੋਕ ਅਜਿਹੇ ਘਿਣਾਉਣੇ ਕੰਮ ਕਰਨ ਉਹ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ।

30ਇਸ ਲਈ ਤੁਸੀਂ ਮੇਰੇ ਹੁਕਮਾਂ ਨੂੰ ਮੰਨਣਾ ਅਤੇ ਜੋ ਘਿਣਾਉਣੀਆਂ ਰੀਤਾਂ ਤੁਹਾਡੇ ਤੋਂ ਪਹਿਲਾਂ ਉੱਥੇ ਮੰਨੀਆਂ ਜਾਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਨਾ ਚੱਲਣਾ ਅਤੇ ਨਾ ਉਨ੍ਹਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰਨਾ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।


  Share Facebook  |  Share Twitter

 <<  Leviticus 18 >> 


Bible2india.com
© 2010-2025
Help
Dual Panel

Laporan Masalah/Saran