Bible 2 India Mobile
[VER] : [PUNJABI]     [PL]  [PB] 
 <<  Hosea 2 >> 

1ਆਪਣੇ ਭਰਾਵਾਂ ਨੂੰ ''ਮੇਰੇ ਲੋਕ'' ਅਤੇ ਆਪਣੀਆਂ ਭੈਣਾਂ ਨੂੰ ''ਰਹਿਮ ਦੀਆਂ ਭਾਗਣਾਂ'' ਆਖੋ ।

2ਆਪਣੀ ਮਾਂ ਦੇ ਨਾਲ ਝਗੜਾ ਕਰੋ ! ਉਹ ਤਾਂ ਮੇਰੀ ਪਤਨੀ ਨਹੀਂ ਹੈ ਅਤੇ ਨਾ ਮੈਂ ਉਹ ਦਾ ਪਤੀ ਹਾਂ । ਉਹ ਆਪਣੇ ਵਿਭਚਾਰ ਨੂੰ ਆਪਣੇ ਅੱਗਿਓਂ ਅਤੇ ਆਪਣੀ ਬੇਵਫ਼ਾਈ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ !

3ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹ ਨੂੰ ਨੰਗੀ ਕਰ ਦੇਵਾਂ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਉਸੇ ਤਰ੍ਹਾਂ ਫਿਰ ਕਰ ਦਿਆਂ, ਉਹ ਨੂੰ ਉਜਾੜ ਵਾਂਗੂੰ ਬਣਾ ਦਿਆਂ, ਉਹ ਨੂੰ ਇੱਕ ਸੁੱਕੀ ਧਰਤੀ ਵਾਂਗੂੰ ਠਹਿਰਾ ਦਿਆਂ ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂ ।

4ਮੈਂ ਉਹ ਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ, ਕਿਉਂ ਜੋ ਉਹ ਵਿਭਚਾਰ ਦੇ ਬੱਚੇ ਹਨ ।

5ਉਹਨਾਂ ਦੀ ਮਾਂ ਨੇ ਵਿਭਚਾਰ ਕੀਤਾ ਹੈ, ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਕਿਉਂ ਜੋ ਉਹ ਨੇ ਆਖਿਆ, ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ, ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ !

6ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ, ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ ਤਾਂ ਕਿ ਉਸ ਨੂੰ ਆਪਣਾ ਰਾਹ ਨਾ ਮਿਲੇ ।

7ਉਹ ਆਪਣਿਆਂ ਪ੍ਰੇਮੀਆਂ ਦੇ ਪਿੱਛੇ ਜਾਵੇਗੀ, ਪਰ ਉਹ ਉਹਨਾਂ ਨੂੰ ਨਾ ਪਾਵੇਗੀ, ਉਹ ਉਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ, ਤਾਂ ਉਹ ਆਖੇਗੀ, ਮੈਂ ਜਾਵਾਂਗੀ, ਅਤੇ ਆਪਣੇ ਪਹਿਲੇ ਪਤੀ ਵੱਲ ਮੁੜਾਂਗੀ, ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ ।

8ਉਹ ਨੇ ਨਾ ਜਾਣਿਆ ਕਿ ਮੈਂ ਹੀ ਉਹ ਨੂੰ ਅੰਨ, ਨਵੀਂ ਮੈਅ ਅਤੇ ਤੇਲ ਦਿੰਦਾ ਸੀ, ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ, ਜਿਹੜਾ ਉਹਨਾਂ ਨੇ ਬਆਲ ਲਈ ਵਰਤਿਆ !

9ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ, ਅਤੇ ਨਵੀਂ ਮੈਅ ਵੀ ਉਸ ਦੀ ਰੁੱਤ ਸਿਰ, ਮੈਂ ਆਪਣੀ ਉੱਨ ਅਤੇ ਆਪਣੀ ਕਤਾਨ ਚੁੱਕ ਲਵਾਂਗਾ, ਜੋ ਉਹ ਦੇ ਨੰਗੇਜ਼ ਨੂੰ ਢੱਕਣ ਲਈ ਸੀ ।

10ਹੁਣ ਮੈਂ ਉਹ ਦੀ ਵਾਸ਼ਨਾ ਨੂੰ ਉਹ ਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ, ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ !

11ਮੈਂ ਉਹ ਦੀ ਸਾਰੀ ਖੁਸ਼ੀ ਨੂੰ ਖਤਮ ਕਰ ਦਿਆਂਗਾ, ਉਹ ਦੇ ਪਰਬ, ਉਹ ਦੀਆਂ ਅਮੱਸਿਆ, ਉਹ ਦੇ ਸਬਤ, ਅਤੇ ਉਹ ਦੇ ਸਭ ਮਿਥੇ ਹੋਏ ਪਰਬ ।

12ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰਾਂ ਨੂੰ ਵਿਰਾਨ ਕਰਾਂਗਾ, ਜਿਨ੍ਹਾਂ ਦੇ ਬਾਰੇ ਉਸ ਨੇ ਆਖਿਆ, ਇਹ ਮੇਰੀ ਖਰਚੀ ਹੈ, ਜਿਹ ਨੂੰ ਮੇਰੇ ਪ੍ਰੇਮੀਆਂ ਨੇ ਮੈਨੂੰ ਦਿੱਤਾ ਹੈ । ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ, ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ ।

13ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ, ਜਿਨ੍ਹਾਂ ਦੇ ਲਈ ਉਸ ਨੇ ਧੂਫ਼ ਧੁਖਾਈ, ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ, ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ ।

14ਇਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ, ਅਤੇ ਉਹ ਨੂੰ ਉਜਾੜ ਵਿੱਚ ਲੈ ਜਾਂਵਾਂਗਾ, ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ ।

15ਮੈਂ ਉਹ ਨੂੰ ਉੱਥੋਂ ਦੇ ਬਾਗ ਦਿਆਂਗਾ, ਨਾਲੇ ਆਕੋਰ ਦੀ ਵਾਦੀ ਵੀ ਆਸਾ ਦੇ ਦਰਵਾਜੇ ਲਈ । ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ, ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ ਦਿੰਦੀ ਸੀ, ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ ਉਤਾਹਾਂ ਆਈ ।

16ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਤੂੰ ਮੈਨੂੰ ''ਮੇਰਾ ਪਤੀ'' ਆਖੇਂਗੀ, ਅਤੇ ਫੇਰ ਮੈਨੂੰ "ਮੇਰਾ ਬਆਲ" ਨਾ ਆਖੇਂਗੀ ।

17ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਮ ਦੂਰ ਕਰਾਂਗਾ, ਅਤੇ ਉਹ ਫੇਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ ।

18ਮੈਂ ਉਸ ਦਿਨ ਜੰਗਲੀ ਜਾਨਵਰਾਂ, ਅਕਾਸ਼ ਦੇ ਪੰਛੀਆਂ ਅਤੇ ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਉਹਨਾਂ ਲਈ ਇੱਕ ਨੇਮ ਬੰਨ੍ਹਾਂਗਾ, ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ, ਅਤੇ ਮੈਂ ਉਹਨਾਂ ਨੂੰ ਚੈਨ ਨਾਲ ਲੇਟਣ ਦਿਆਂਗਾ ।

19ਮੈਂ ਤੈਨੂੰ ਸਦਾ ਲਈ ਆਪਣੀ ਦੁਲਹਨ ਬਣਾ ਲਵਾਂਗਾ, ਹਾਂ, ਧਰਮ, ਇਨਸਾਫ਼, ਦਯਾ ਅਤੇ ਰਹਿਮ ਨਾਲ ਮੈਂ ਤੈਨੂੰ ਆਪਣੀ ਦੁਲਹਨ ਬਣਾਵਾਂਗਾ,

20ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਦੁਲਹਨ ਬਣਾਵਾਂਗਾ, ਅਤੇ ਤੂੰ ਯਹੋਵਾਹ ਨੂੰ ਜਾਣੇਂਗੀ ।

21ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ, ਯਹੋਵਾਹ ਦਾ ਵਾਕ ਹੈ, ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ, ਅਤੇ ਉਹ ਧਰਤੀ ਨੂੰ ਉੱਤਰ ਦੇਣਗੇ ।

22ਧਰਤੀ ਅੰਨ, ਨਵੀਂ ਮੈਅ ਅਤੇ ਤੇਲ ਨੂੰ ਉੱਤਰ ਦੇਵੇਗੀ, ਅਤੇ ਉਹ ਯਿਜ਼ਰਾਏਲ ਨੂੰ ਉੱਤਰ ਦੇਣਗੇ ।

23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ, ਮੈਂ ਲੋ-ਰੁਹਾਮਾਹ ਉੱਤੇ ਰਹਿਮ ਕਰਾਂਗਾ, ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ, ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ !


  Share Facebook  |  Share Twitter

 <<  Hosea 2 >> 


Bible2india.com
© 2010-2025
Help
Dual Panel

Laporan Masalah/Saran