1ਜਦ ਇਸਰਾਏਲ ਬੱਚਾ ਸੀ ਮੈਂ ਉਹ ਨੂੰ ਪਿਆਰ ਕੀਤਾ, ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ ।
2ਜਿੰਨਾ ਉਨ੍ਹਾਂ ਨੇ ਉਹਨਾਂ ਨੂੰ ਬੁਲਾਇਆ, ਉੱਨੀ ਦੂਰ ਉਹ ਉਨ੍ਹਾਂ ਤੋਂ ਚੱਲੇ ਗਏ, ਉਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ, ਅਤੇ ਮੂਰਤੀਆਂ ਲਈ ਧੂਫ਼ ਧੁਖਾਈ ।
3ਮੈਂ ਅਫ਼ਰਾਈਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ ।
4ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ । ਮੈਂ ਉਹਨਾਂ ਲਈ ਉਹ ਬਣਿਆ ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲ੍ਹਦਾ ਹੈ, ਮੈਂ ਉਹਨਾਂ ਦੀ ਵੱਲ ਝੁਕ ਕੇ ਖੁਆਇਆ ।
5ਉਹ ਮਿਸਰ ਦੇਸ ਵਿੱਚ ਨਾ ਮੁੜਨਗੇ, ਪਰ ਅੱਸ਼ੂਰ ਉਹਨਾਂ ਦਾ ਰਾਜਾ ਹੋਵੇਗਾ, ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ ।
6ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ, ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ, ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ ।
7ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ ਹਨ, ਉਹ ਅੱਤ ਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ ।
8ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ ? ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ ? ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਵ ਕਰਾਂ ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ ।
9ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ, ਮੈਂ ਅਫ਼ਰਾਈਮ ਦੇ ਨਾਸ਼ ਕਰਨ ਲਈ ਨਹੀਂ ਮੁੜਾਂਗਾ । ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ, ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ, ਮੈਂ ਕ੍ਰੋਧ ਨਾਲ ਨਹੀਂ ਆਵਾਂਗਾ ।
10ਉਹ ਯਹੋਵਾਹ ਦੇ ਪਿੱਛੇ ਚੱਲਣਗੇ, ਉਹ ਬਬਰ ਸ਼ੇਰ ਵਾਂਗੂੰ ਗੱਜੇਗਾ, ਜਦ ਉਹ ਗੱਜੇਗਾ, ਉਹ ਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ ।
11ਉਹ ਮਿਸਰ ਵਿੱਚੋਂ ਪੰਛੀ ਵਾਂਗੂੰ, ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਗੂੰ ਕੰਬਦੇ ਹੋਏ ਆਉਣਗੇ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ, ਯਹੋਵਾਹ ਦਾ ਵਾਕ ਹੈ ।
12ਅਫ਼ਰਾਈਮ ਨੇ ਮੈਨੂੰ ਝੂਠ ਨਾਲ, ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ । ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ, ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ ।