Bible 2 India Mobile
[VER] : [PUNJABI]     [PL]  [PB] 
 <<  Ezra 9 >> 

1ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਆਗੂਆਂ ਨੇ ਮੇਰੇ ਕੋਲ ਆ ਕੇ ਕਿਹਾ, "ਇਸਰਾਏਲ ਦੀ ਪਰਜਾ, ਜਾਜਕ ਤੇ ਲੇਵੀ ਇਸ ਦੇਸ਼ ਦੀਆਂ ਕੌਮਾਂ ਤੋਂ ਵੱਖਰੇ ਨਹੀਂ ਰਹੇ, ਪਰ ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ ਅਤੇ ਅਮੋਰੀਆਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਕੰਮ ਕਰਦੇ ਹਨ ।

2ਕਿਉਂ ਜੋ ਉਹਨਾਂ ਨੇ ਉਨ੍ਹਾਂ ਦੀਆਂ ਧੀਆਂ, ਆਪਣੇ ਲਈ ਤੇ ਆਪਣੇ ਪੁੱਤਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤਰ ਪਰਜਾ ਇਸ ਦੇਸ਼ ਦੀਆਂ ਕੌਮਾਂ ਵਿੱਚ ਰਲ-ਮਿਲ ਗਈ ਹੈ, ਅਤੇ ਇਸ ਧੋਖੇ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ ।"

3ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ ।

4ਤਦ ਉਹ ਸਾਰੇ ਜਿਹੜੇ ਇਸਰਾਏਲ ਦੇ ਪਰਮੇਸ਼ੁਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਨ੍ਹਾਂ ਲੋਕਾਂ ਦੇ ਧੋਖੇ ਦੇ ਕਾਰਨ ਜੋ ਗ਼ੁਲਾਮੀ ਤੋਂ ਮੁੜ ਆਏ ਸਨ, ਮੇਰੇ ਕੋਲ ਇੱਕਠੇ ਹੋ ਗਏ ਅਤੇ ਮੈਂ ਸ਼ਾਮ ਦੀ ਬਲੀ ਚੜ੍ਹਾਉਣ ਤੱਕ ਸੁੰਨ ਹੋ ਕੇ ਬੈਠਿਆ ਰਿਹਾ ।

5ਸ਼ਾਮ ਦੀ ਬਲੀ ਚੜ੍ਹਾਉਣ ਦੇ ਸਮੇਂ, ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਕੇ, ਆਪਣੇ ਗੋਡਿਆਂ ਉੱਤੇ ਝੁੱਕਿਆ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਆਪਣੇ ਹੱਥ ਫੈਲਾਏ ।

6ਤਦ ਮੈਂ ਇਹ ਪ੍ਰਾਰਥਨਾ ਕੀਤੀ, "ਹੇ ਮੇਰੇ ਪਰਮੇਸ਼ੁਰ ! ਮੈਂ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਸ਼ਰਮਿੰਦਾ ਹਾਂ ਅਤੇ ਹੇ ਮੇਰੇ ਪਰਮੇਸ਼ੁਰ ! ਮੈਂ ਬੇਇੱਜ਼ਤ ਹੋ ਗਿਆ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਤੋਂ ਵੀ ਉੱਪਰ ਤੱਕ ਵੱਧ ਗਏ ਹਨ ਅਤੇ ਸਾਡੀ ਬੁਰਿਆਈ ਅਕਾਸ਼ ਤੱਕ ਪਹੁੰਚ ਗਈ ਹੈ ।

7ਆਪਣੇ ਪਿਉ-ਦਾਦਿਆਂ ਦੇ ਦਿਨਾਂ ਤੋਂ, ਅੱਜ ਦੇ ਦਿਨ ਤੱਕ ਅਸੀਂ ਵੱਡੀ ਬੁਰਿਆਈ ਕਰਦੇ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਅਤੇ ਸਾਡੇ ਰਾਜੇ, ਤੇ ਸਾਡੇ ਜਾਜਕ ਇਨ੍ਹਾਂ ਦੇਸ਼ਾਂ ਦੇ ਰਾਜਿਆਂ ਦੇ ਹੱਥ ਵਿੱਚ, ਤਲਵਾਰ ਲਈ, ਗ਼ੁਲਾਮੀ ਲਈ, ਲੁੱਟੇ ਜਾਣ ਲਈ, ਅਤੇ ਬੇਇੱਜ਼ਤ ਹੋਣ ਲਈ ਉਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਰਹੇ ਹਾਂ, ਜਿਵੇਂ ਕਿ ਅੱਜ ਦੇ ਦਿਨ ਹੈ ।

8ਪਰ ਹੁਣ ਕੁਝ ਦਿਨਾਂ ਤੋਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਦਯਾ ਸਾਡੇ ਉੱਤੇ ਹੋਈ ਹੈ ਅਤੇ ਉਸ ਨੇ ਸਾਡੇ ਵਿੱਚੋਂ ਕੁਝ ਨੂੰ ਬਚਾ ਲਿਆ ਹੈ ਅਤੇ ਸਾਨੂੰ ਆਪਣੇ ਪਵਿੱਤਰ ਸਥਾਨ ਵਿੱਚ ਇੱਕ ਮਜ਼ਬੂਤ ਕਿੱਲ ਬਣਾਇਆ ਹੈ ਤਾਂ ਜੋ ਸਾਡਾ ਪਰਮੇਸ਼ੁਰ ਸਾਡੀਆਂ ਅੱਖਾਂ ਨੂੰ ਰੋਸ਼ਨੀ ਦੇਵੇ ਅਤੇ ਗ਼ੁਲਾਮੀ ਵਿੱਚ ਸਾਨੂੰ ਥੋੜ੍ਹੀ ਜਿਹੀ ਤਸੱਲੀ ਬਖ਼ਸ਼ੇ ।

9ਕਿਉਂ ਜੋ ਅਸੀਂ ਤਾਂ ਗ਼ੁਲਾਮ ਹਾਂ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਸਾਡੀ ਗ਼ੁਲਾਮੀ ਵਿੱਚ ਨਹੀਂ ਛੱਡਿਆ ਸਗੋਂ ਫਾਰਸ ਦੇ ਰਾਜਿਆਂ ਦੇ ਸਾਹਮਣੇ, ਸਾਡੇ ਉੱਤੇ ਆਪਣੀ ਦਯਾ ਨੂੰ ਵਧਾਇਆ ਤਾਂ ਜੋ ਸਾਨੂੰ ਤਸੱਲੀ ਦੀ ਜਿੰਦਗੀ ਬਖ਼ਸ਼ੇ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਖੰਡਰਾਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾਹ ਤੇ ਯਰੂਸ਼ਲਮ ਵਿੱਚ ਆਸਰਾ ਦੇਵੇ ।

10ਹੁਣ ਹੇ ਸਾਡੇ ਪਰਮੇਸ਼ੁਰ ! ਇਸ ਤੋਂ ਬਾਅਦ ਅਸੀਂ ਤੈਨੂੰ ਕੀ ਕਹੀਏ ? ਕਿਉਂ ਜੋ ਅਸੀਂ ਤੇਰੇ ਉਨ੍ਹਾਂ ਹੁਕਮਾਂ ਨੂੰ ਭੁਲਾ ਦਿੱਤਾ ਹੈ,

11ਜਿਨ੍ਹਾਂ ਨੂੰ ਤੂੰ ਇਹ ਕਹਿ ਕੇ, ਆਪਣੇ ਦਾਸ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਸ ਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਸ ਦੇਸ਼ ਦੀਆਂ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਕਾਰਨ ਅਪਵਿੱਤਰ ਧਰਤੀ ਹੈ, ਜਿਸ ਨੂੰ ਉਨ੍ਹਾਂ ਨੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਭਰਿਸ਼ਟ ਕਰ ਛੱਡਿਆ ਹੈ ।

12ਹੁਣ ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਾ ਵਿਆਹੁਣਾ ਅਤੇ ਨਾ ਉਨ੍ਹਾਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਕਰਨਾ ਅਤੇ ਨਾ ਹੀ ਉਨ੍ਹਾਂ ਦੀ ਸਲਾਮਤੀ ਤੇ ਵਾਧਾ ਚਾਹੁਣਾ ਤਾਂ ਜੋ ਤੁਸੀਂ ਤਕੜੇ ਰਹੋ ਅਤੇ ਉਸ ਧਰਤੀ ਦੇ ਪਦਾਰਥ ਖਾਉ ਅਤੇ ਉਸ ਨੂੰ ਆਪਣੇ ਵੰਸ਼ ਲਈ ਸਦੀਪਕ ਕਾਲ ਦੀ ਮਿਲਖ ਹੋਣ ਲਈ ਛੱਡ ਜਾਉ ।

13ਇਨ੍ਹਾਂ ਸਾਰੀਆਂ ਮੁਸੀਬਤਾਂ ਦੇ ਬਾਅਦ, ਜਿਹੜੀਆਂ ਸਾਡੇ ਬੁਰੇ ਕੰਮਾਂ ਅਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ੁਰ ! ਤੂੰ ਸਾਨੂੰ ਸਾਡੇ ਪਾਪਾਂ ਦੇ ਜੋਗ ਬਹੁਤ ਘੱਟ ਸਜ਼ਾ ਦਿੱਤੀ ਅਤੇ ਸਾਨੂੰ ਛੁਟਕਾਰਾ ਦਿੱਤਾ ਹੈ ।

14ਕੀ ਅਸੀਂ ਫੇਰ ਤੇਰੇ ਹੁਕਮਾਂ ਨੂੰ ਤੋੜੀਏ ਅਤੇ ਇਨ੍ਹਾਂ ਘਿਣਾਉਣੇ ਕੰਮ ਕਰਨ ਵਾਲੀਆਂ ਕੌਮਾਂ ਨਾਲ ਸੰਬੰਧ ਜੋੜੀਏ ? ਕੀ ਤੇਰਾ ਕ੍ਰੋਧ ਇੱਥੋਂ ਤੱਕ ਸਾਡੇ ਉੱਤੇ ਨਾ ਭੜਕੇਗਾ ਜੋ ਸਾਡਾ ਕੁਝ ਵੀ ਨਾ ਰਹੇ, ਨਾ ਕੋਈ ਬਚੇ ਅਤੇ ਨਾ ਛੁਟਕਾਰਾ ਹੋਵੇ ?

15ਹੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ! ਤੂੰ ਧਰਮੀ ਹੈਂ ਤਾਂ ਹੀ ਅਸੀਂ ਅੱਜ ਦੇ ਦਿਨ ਤੱਕ ਬਚੇ ਹੋਏ ਹਾਂ । ਵੇਖ ਅਸੀਂ ਆਪਣੇ ਅਪਰਾਧਾਂ ਦੇ ਵਿੱਚ ਤੇਰੇ ਸਾਹਮਣੇ ਹਾਂ, ਕਿਉਂਕਿ ਕੌਣ ਹੈ ਜੋ ਇਨ੍ਹਾਂ ਦੇ ਕਾਰਨ ਤੇਰੇ ਸਾਹਮਣੇ ਖੜਾ ਰਹਿ ਸਕੇ ? "


  Share Facebook  |  Share Twitter

 <<  Ezra 9 >> 


Bible2india.com
© 2010-2025
Help
Dual Panel

Laporan Masalah/Saran