Bible 2 India Mobile
[VER] : [PUNJABI]     [PL]  [PB] 
 <<  Ezra 5 >> 

1ਤਦ ਹੱਗਈ ਨਬੀ ਅਤੇ ਇੱਦੋ ਦਾ ਪੁੱਤਰ ਜ਼ਕਰਯਾਹ ਉਨ੍ਹਾਂ ਯਹੂਦੀਆਂ ਦੇ ਅੱਗੇ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਸਨ, ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਤੇ ਭਵਿੱਖਬਾਣੀ ਕਰਨ ਲੱਗੇ ।

2ਤਦ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਅਤੇ ਪਰਮੇਸ਼ੁਰ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ, ਅਤੇ ਪਰਮੇਸ਼ੁਰ ਦੇ ਉਹ ਨਬੀ ਉਨ੍ਹਾਂ ਦੇ ਨਾਲ ਹੋ ਕੇ, ਉਨ੍ਹਾਂ ਦੀ ਸਹਾਇਤਾ ਕਰਦੇ ਸਨ ।

3ਉਸ ਸਮੇਂ ਦਰਿਆ ਪਾਰ ਦਾ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀ ਯਹੂਦੀਆਂ ਦੇ ਕੋਲ ਆ ਕੇ ਪੁੱਛਣ ਲੱਗੇ, "ਕਿਸ ਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀਆਂ ਕੰਧਾਂ ਨੂੰ ਖੜ੍ਹਾ ਕਰ ਰਹੇ ਹੋ ? "

4ਉਨ੍ਹਾਂ ਨੇ ਇਹ ਵੀ ਪੁੱਛਿਆ ਕਿ "ਜਿਹੜੇ ਲੋਕ ਇਸ ਭਵਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਮ ਹਨ ? "

5ਪਰ ਪਰਮੇਸ਼ੁਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਉੱਤੇ ਸੀ, ਇਸ ਲਈ ਜਦੋਂ ਤੱਕ ਇਹ ਗੱਲ ਦਾਰਾ ਤੱਕ ਨਾ ਪਹੁੰਚੀ ਅਤੇ ਇਸ ਦੇ ਬਾਰੇ ਚਿੱਠੀ ਦੇ ਰਾਹੀਂ ਉੱਤਰ ਨਾ ਮਿਲਿਆ, ਤਦ ਤੱਕ ਉਨ੍ਹਾਂ ਨੇ ਉਹਨਾਂ ਨੂੰ ਨਾ ਰੋਕਿਆ ।

6ਉਸ ਚਿੱਠੀ ਦੀ ਨਕਲ ਜੋ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਤੇ ਉਨ੍ਹਾਂ ਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆ ਪਾਰ ਦੇ ਸਨ ਦਾਰਾ ਰਾਜਾ ਨੂੰ ਭੇਜੀ ਸੀ, ਇਹ ਹੈ -

7ਜੋ ਚਿੱਠੀ ਉਨ੍ਹਾਂ ਨੇ ਭੇਜੀ ਸੀ ਉਸ ਵਿੱਚ ਇਹ ਲਿਖਿਆ ਗਿਆ ਸੀ - "ਦਾਰਾ ਰਾਜਾ ਦੀ ਹਰ ਤਰ੍ਹਾਂ ਨਾਲ ਸਲਾਮਤੀ ਹੋਵੇ !

8ਮਹਾਰਾਜ ਨੂੰ ਖ਼ਬਰ ਹੋਵੇ ਕਿ ਅਸੀਂ ਯਹੂਦਾਹ ਦੇ ਸੂਬੇ ਵਿੱਚ ਮਹਾਨ ਪਰਮੇਸ਼ੁਰ ਦੇ ਭਵਨ ਵਿੱਚ ਗਏ । ਉਹ ਵੱਡੇ-ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਇਹ ਕੰਮ ਉਨ੍ਹਾਂ ਲੋਕਾਂ ਦੁਆਰਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਫ਼ਲ ਵੀ ਹੋ ਰਿਹਾ ਹੈ ।

9ਇਸ ਲਈ ਅਸੀਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਭਵਨ ਨੂੰ ਬਣਾਉਂਦੇ ਅਤੇ ਇਸ ਦੀ ਕੰਧ ਨੂੰ ਪੂਰਾ ਕਰਦੇ ਹੋ ?

10ਅਤੇ ਅਸੀਂ ਉਨ੍ਹਾਂ ਦੇ ਨਾਮ ਵੀ ਪੁੱਛੇ ਤਾਂ ਜੋ ਅਸੀਂ ਉਨ੍ਹਾਂ ਮਨੁੱਖਾਂ ਦੇ ਨਾਮ ਲਿਖ ਕੇ ਤੁਹਾਨੂੰ ਖ਼ਬਰ ਦੇਈਏ ਕਿ ਉਹਨਾਂ ਦੇ ਆਗੂ ਕੌਣ ਹਨ ।

11ਉਹਨਾਂ ਨੇ ਸਾਨੂੰ ਇਹ ਉੱਤਰ ਦਿੱਤਾ ਕਿ ਅਸੀਂ ਅਕਾਸ਼ ਅਤੇ ਧਰਤੀ ਦੇ ਪਰਮੇਸ਼ੁਰ ਦੇ ਦਾਸ ਹਾਂ, ਅਤੇ ਉਸੇ ਭਵਨ ਨੂੰ ਬਣਾਉਂਦੇ ਹਾਂ, ਜਿਸ ਨੂੰ ਬਹੁਤ ਸਾਲ ਪਹਿਲਾਂ ਇਸਰਾਏਲ ਦੇ ਇੱਕ ਵੱਡੇ ਰਾਜਾ ਨੇ ਬਣਾਇਆ ਤੇ ਪੂਰਾ ਕੀਤਾ ਸੀ ।

12ਪਰ ਜਦ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ੁਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਸ ਨੇ ਉਹਨਾਂ ਨੂੰ ਬਾਬਲ ਦੇ ਕਦਸੀ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਉਜਾੜ ਦਿੱਤਾ ਅਤੇ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਨੂੰ ਲੈ ਗਿਆ ।

13ਪਰ ਬਾਬਲ ਦੇ ਰਾਜਾ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਰਾਜਾ ਨੇ ਆਗਿਆ ਦਿੱਤੀ ਕਿ ਪਰਮੇਸ਼ੁਰ ਦਾ ਇਹ ਭਵਨ ਬਣਾਇਆ ਜਾਵੇ ।

14ਪਰਮੇਸ਼ੁਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆ ਨੂੰ ਵੀ ਜਿਨ੍ਹਾਂ ਨੂੰ ਨਬੂਕਦੱਨਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮਕ ਇੱਕ ਪੁਰਖ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ ।

15ਅਤੇ ਉਸ ਨੇ ਕਿਹਾ, "ਇਨ੍ਹਾਂ ਭਾਂਡਿਆ ਨੂੰ ਲੈ ਕੇ ਜਾ ਅਤੇ ਇਨ੍ਹਾਂ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ੁਰ ਦਾ ਭਵਨ ਉਸ ਦੇ ਸਥਾਨ ਤੇ ਬਣਾਇਆ ਜਾਵੇ ।"

16ਤਦ ਉਸੇ ਸ਼ੇਸ਼ਬੱਸਰ ਨੇ ਆ ਕੇ ਪਰਮੇਸ਼ੁਰ ਦੇ ਭਵਨ ਦੀ ਜੋ ਯਰੂਸ਼ਲਮ ਵਿੱਚ ਹੈ ਨੀਂਹ ਰੱਖੀ, ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ ।

17ਇਸ ਲਈ ਜੇ ਮਹਾਰਾਜ ਨੂੰ ਠੀਕ ਲੱਗੇ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ, ਜੋ ਬਾਬਲ ਵਿੱਚ ਹੈ ਇਸ ਗੱਲ ਦੀ ਖੋਜ ਕੀਤੀ ਜਾਵੇ ਕਿ ਕੋਰਸ਼ ਰਾਜਾ ਨੇ ਸੱਚ-ਮੁੱਚ ਇਸ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ । ਤਦ ਮਹਾਰਾਜ ਇਸ ਗੱਲ ਵਿੱਚ ਆਪਣੀ ਇੱਛਾ ਸਾਡੇ ਉੱਤੇ ਪ੍ਰਗਟ ਕਰਨ ।"


  Share Facebook  |  Share Twitter

 <<  Ezra 5 >> 


Bible2india.com
© 2010-2025
Help
Dual Panel

Laporan Masalah/Saran