Bible 2 India Mobile
[VER] : [PUNJABI]     [PL]  [PB] 
 <<  Esther 6 >> 

1ਉਸ ਰਾਤ ਰਾਜਾ ਨੂੰ ਨੀਂਦ ਨਾ ਆਈ, ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ ।

2ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਜਦ ਰਾਜਾ ਅਹਸ਼ਵੇਰੋਸ਼ ਦੇ ਹਾਕਮ ਜੋ ਦਰਬਾਨ ਵੀ ਸਨ, ਉਨ੍ਹਾਂ ਵਿੱਚੋਂ ਬਿਗਥਾਨਾ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ, ਤਾਂ ਮਾਰਦਕਈ ਨੇ ਇਸ ਗੱਲ ਦੀ ਖ਼ਬਰ ਦਿੱਤੀ ਸੀ ।

3ਤਦ ਰਾਜੇ ਨੇ ਪੁੱਛਿਆ, "ਇਸ ਦੇ ਬਦਲੇ ਵਿੱਚ ਮਾਰਦਕਈ ਦਾ ਕੀ ਮਾਨ-ਸਨਮਾਨ ਕੀਤਾ ਗਿਆ ? " ਤਦ ਰਾਜਾ ਦੇ ਸੇਵਕ ਜਿਹੜੇ ਉਸ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, "ਉਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ ।"

4ਰਾਜੇ ਨੇ ਪੁੱਛਿਆ, "ਵਿਹੜੇ ਵਿੱਚ ਕੌਣ ਹੈ ? " ਉਸੇ ਸਮੇਂ ਹਾਮਾਨ ਰਾਜਾ ਦੇ ਮਹਿਲ ਦੇ ਬਾਹਰੀ ਵਿਹੜੇ ਵਿੱਚ ਆਇਆ ਤਾਂ ਕਿ ਜੋ ਥੰਮ੍ਹ ਉਸ ਨੇ ਮਾਰਦਕਈ ਦੇ ਲਈ ਤਿਆਰ ਕੀਤਾ ਸੀ, ਉਸ ਉੱਤੇ ਮਾਰਦਕਈ ਨੂੰ ਚੜ੍ਹਾਉਣ ਲਈ ਰਾਜਾ ਨੂੰ ਕਹੇ ।

5ਤਦ ਰਾਜਾ ਦੇ ਸੇਵਕਾਂ ਨੇ ਉਸ ਨੂੰ ਕਿਹਾ, "ਮਹਾਰਾਜ ! ਵਿਹੜੇ ਵਿੱਚ ਤਾਂ ਹਾਮਾਨ ਖੜ੍ਹਾ ਹੈ ।" ਤਾਂ ਰਾਜੇ ਨੇ ਕਿਹਾ, "ਉਸ ਨੂੰ ਅੰਦਰ ਲੈ ਆਓ !"

6ਜਦ ਹਾਮਾਨ ਅੰਦਰ ਆਇਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੇ ਉਸ ਦੇ ਲਈ ਕੀ ਕਰਨਾ ਚਾਹੀਦਾ ਹੈ ? " ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਨਾਲੋਂ ਵੱਧ ਰਾਜਾ ਹੋਰ ਕਿਸਨੂੰ ਆਦਰ ਦੇਣਾ ਚਾਹੁੰਦਾ ਹੋਵੇਗਾ ?

7ਤਦ ਹਾਮਾਨ ਨੇ ਰਾਜੇ ਨੂੰ ਉੱਤਰ ਦਿੱਤਾ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੋਵੇ,

8ਉਸਦੇ ਲਈ ਸ਼ਾਹੀ ਬਸਤਰ ਲਿਆਇਆ ਜਾਵੇ ਜੋ ਰਾਜਾ ਪਹਿਨਦਾ ਹੈ, ਅਤੇ ਇੱਕ ਘੋੜਾ ਵੀ, ਜਿਸ ਦੇ ਉੱਤੇ ਰਾਜਾ ਸਵਾਰ ਹੁੰਦਾ ਹੈ ਅਤੇ ਉਹ ਸ਼ਾਹੀ ਤਾਜ ਜਿਹੜਾ ਰਾਜਾ ਦੇ ਸਿਰ ਉੱਤੇ ਰੱਖਿਆ ਜਾਂਦਾ ਹੈ, ਉਹ ਵੀ ਲਿਆਂਦਾ ਜਾਵੇ ।

9ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਮਨਾਦੀ ਕਰਵਾਈ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !"

10ਤਦ ਰਾਜਾ ਨੇ ਹਾਮਾਨ ਨੂੰ ਕਿਹਾ, "ਛੇਤੀ ਕਰ ਅਤੇ ਆਪਣੀ ਗੱਲ ਅਨੁਸਾਰ ਉਹ ਬਸਤਰ ਅਤੇ ਘੋੜਾ ਲੈ ਅਤੇ ਉਸ ਯਹੂਦੀ ਮਾਰਦਕਈ ਨਾਲ ਜਿਹੜਾ ਮਹਿਲ ਦੇ ਫਾਟਕ ਉੱਤੇ ਬੈਠਦਾ ਹੈ, ਇਸੇ ਤਰ੍ਹਾਂ ਹੀ ਕਰ । ਜੋ ਕੁਝ ਵੀ ਤੂੰ ਕਿਹਾ ਹੈ ਉਸ ਵਿੱਚੋਂ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ !"

11ਤਾਂ ਹਾਮਾਨ ਨੇ ਉਹ ਬਸਤਰ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਬਸਤਰ ਪਹਿਨਾਇਆ ਅਤੇ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਘੁਮਾਇਆ ਅਤੇ ਉਸ ਦੇ ਅੱਗੇ ਇਹ ਮਨਾਦੀ ਕਰਵਾਈ, "ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !"

12ਇਸ ਤੋਂ ਬਾਅਦ ਮਾਰਦਕਈ ਤਾਂ ਸ਼ਾਹੀ ਫਾਟਕ ਉੱਤੇ ਮੁੜ ਆਇਆ ਪਰ ਹਾਮਾਨ ਰੋਂਦਾ ਪਿੱਟਦਾ ਹੋਇਆ ਤੇ ਸਿਰ ਢੱਕ ਕੇ ਛੇਤੀ ਨਾਲ ਆਪਣੇ ਘਰ ਨੂੰ ਚਲਾ ਗਿਆ ।

13ਤਦ ਹਾਮਾਨ ਨੇ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਸਾਰੇ ਮਿੱਤਰਾਂ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਬੀਤਿਆ ਸੀ । ਤਦ ਉਸ ਦੇ ਬੁੱਧਵਾਨ ਮਿੱਤਰਾਂ ਅਤੇ ਉਸ ਦੀ ਪਤਨੀ ਜਰਸ਼ ਨੇ ਉਸ ਨੂੰ ਕਿਹਾ, "ਜੇਕਰ ਮਾਰਦਕਈ ਜਿਸ ਨੂੰ ਤੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ, ਯਹੂਦੀਆਂ ਦੇ ਵੰਸ਼ ਵਿੱਚੋਂ ਹੈ, ਤਾਂ ਤੂੰ ਉਸ ਨੂੰ ਜਿੱਤ ਨਹੀਂ ਸਕਦਾ ਪਰ ਤੂੰ ਜ਼ਰੂਰ ਉਸ ਦੇ ਅੱਗੇ ਨੀਵਾਂ ਕੀਤਾ ਜਾਵੇਂਗਾ ।"

14ਉਹ ਉਸ ਦੇ ਨਾਲ ਇਹ ਗੱਲਾਂ ਕਰ ਹੀ ਰਹੇ ਸਨ ਕਿ ਰਾਜਾ ਦੇ ਖੁਸਰੇ ਆ ਗਏ ਅਤੇ ਹਾਮਾਨ ਨੂੰ ਉਸ ਭੋਜ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ, ਛੇਤੀ ਨਾਲ ਲੈ ਗਏ ।


  Share Facebook  |  Share Twitter

 <<  Esther 6 >> 


Bible2india.com
© 2010-2025
Help
Dual Panel

Laporan Masalah/Saran