Bible 2 India Mobile
[VER] : [PUNJABI]     [PL]  [PB] 
 <<  Daniel 10 >> 

1ਫ਼ਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਸਾਲ ਵਿੱਚ ਦਾਨੀਏਲ ਨੂੰ ਜਿਹ ਦਾ ਨਾਮ ਬੇਲਟਸ਼ਸਰ ਕਹਿੰਦੇ ਸਨ, ਇੱਕ ਗੱਲ ਪ੍ਰਗਟ ਹੋਈ ਅਤੇ ਉਹ ਗੱਲ ਸੱਚ ਸੀ ਕਿ ਬਹੁਤ ਵੱਡੀ ਜੰਗ ਹੋਵੇਗੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ ।

2ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ ਤਿੰਨ ਹਫਤਿਆਂ ਤੱਕ ਅਫ਼ਸੋਸ ਕਰਦਾ ਰਿਹਾ ।

3ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਜਦ ਤੱਕ ਉਹ ਤਿੰਨ ਹਫ਼ਤੇ ਪੂਰੇ ਨਾ ਹੋਏ ।

4ਪਹਿਲੇ ਮਹੀਨੇ ਦੇ ਚੌਵੀਮੇ ਦਿਨ ਵਿੱਚ ਮੈਂ ਵੱਡੇ ਦਰਿਆ ਦਜ਼ਲੇ ਦੇ ਕੰਢੇ ਉੱਤੇ ਸੀ ।

5ਮੈਂ ਅੱਖਾਂ ਚੁੱਕ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਕੱਪੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫ਼ਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨੀ ਹੋਈ ਖੜ੍ਹਾ ਹੈ ।

6ਉਹ ਦਾ ਸਰੀਰ ਬੇਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ । ਉਸ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਇਹੋ ਜਿਹੀ ਸੀ ਜਿਵੇਂ ਭੀੜ ਦੀ ।

7ਮੈਂ ਦਾਨੀਏਲ ਨੇ ਇਕੱਲੇ ਨੇ ਇਹ ਦਰਸ਼ਣ ਦੇਖਿਆ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਹਨਾਂ ਨੇ ਇਸ ਦਰਸ਼ਣ ਨੂੰ ਨਾ ਦੇਖਿਆ ਪਰ ਉਹਨਾਂ ਨੂੰ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਦੌੜੇ ।

8ਇਸ ਲਈ ਮੈਂ ਇਕੱਲਾ ਹੀ ਰਹਿ ਗਿਆ ਅਤੇ ਇਹ ਵੱਡਾ ਦਰਸ਼ਣ ਦੇਖਿਆ ਅਤੇ ਮੇਰੇ ਵਿੱਚ ਸਾਹ ਸੱਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਪਰੇਸ਼ਾਨ ਹੋ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ ।

9ਪਰ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ ਵਿੱਚ ਮੂੰਹ ਦੇ ਬਲ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ ।

10ਵੇਖੋ, ਇੱਕ ਹੱਥ ਨੇ ਮੈਨੂੰ ਆ ਛੂਹਿਆ ਅਤੇ ਮੈਨੂੰ ਗੋਡਿਆਂ ਅਤੇ ਤਲੀਆਂ ਉੱਤੇ ਬਿਠਾਇਆ ।

11ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖੜਾ ਹੋ ਜਾ ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ-ਕੰਬਦਾ ਖੜਾ ਹੋ ਗਿਆ ।

12ਤਦ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ, ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ ।

13ਪਰ ਫ਼ਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੱਕ ਰੋਕ ਛੱਡਿਆ । ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ, ਇਸ ਲਈ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ ।

14ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ, ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਪੂਰਾ ਹੋਣ ਵਿੱਚ ਬਹੁਤ ਸਾਰੇ ਦਿਨ ਬਾਕੀ ਹਨ ।

15ਜਦ ਉਸ ਨੇ ਇਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਝੁਕਾਇਆ ਅਤੇ ਗੂੰਗਾ ਹੋ ਗਿਆ ।

16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗ ਸੀ ਮੇਰੇ ਬੁਲ੍ਹਾਂ ਨੂੰ ਛੁਹਿਆ, ਤਦ ਮੈਂ ਆਪਣਾ ਮੂੰਹ ਖੋਲਿਆ ਅਤੇ ਬੋਲਿਆ ਜੋ ਮੇਰੇ ਸਾਹਮਣੇ ਖੜਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਦੁੱਖਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਅਤੇ ਮੇਰੇ ਵਿੱਚ ਕੁਝ ਵੀ ਬਲ ਨਹੀਂ ਰਿਹਾ ।

17ਇਸ ਲਈ ਪ੍ਰਭੂ ਦਾ ਦਾਸ ਆਪਣੇ ਪ੍ਰਭੂ ਦੇ ਨਾਲ ਕਿਵੇਂ ਗੱਲਾਂ ਕਰ ਸਕਦਾ ਹੈ ? ਕਿਉਂ ਜੋ ਮੇਰੇ ਅੰਦਰ ਕੋਈ ਸ਼ਕਤੀ ਨਾ ਰਹੀ ਨਾ ਮੇਰੇ ਵਿੱਚ ਸਾਹ ਰਿਹਾ ।

18ਤਦ ਇੱਕ ਜਨ ਨੇ ਜਿਸਦਾ ਮੂੰਹ ਮਨੁੱਖ ਵਰਗਾ ਸੀ ਮੁੜ ਮੈਨੂੰ ਛੂਹਿਆ ਅਤੇ ਉਸ ਨੇ ਮੈਨੂੰ ਜ਼ੋਰ ਦਿੱਤਾ ।

19ਅਤੇ ਉਹ ਬੋਲਿਆ, ਹੇ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁੱਖ-ਸਾਂਦ ਹੋਵੇ ! ਜ਼ੋਰ ਫੜ, ਹਾਂ, ਬਲਵਾਨ ਹੋ ! ਜਦੋਂ ਉਸ ਨੇ ਮੈਨੂੰ ਇਹ ਆਖਿਆ ਮੈਂ ਜ਼ੋਰ ਪਾਇਆ ਅਤੇ ਬੋਲਿਆ, ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੂੰ ਹੀ ਮੈਨੂੰ ਜ਼ੋਰ ਦਿੱਤਾ ਹੈ !

20ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ ? ਮੈਂ ਹੁਣ ਫ਼ਾਰਸ ਦੇ ਪਰਧਾਨ ਨਾਲ ਲੜਨ ਨੂੰ ਫੇਰ ਜਾਂਵਾਂਗਾ ਅਤੇ ਜਦੋਂ ਮੈਂ ਚਲਿਆ ਜਾਂਵਾਂਗਾ ਤਾਂ ਵੇਖ, ਯੂਨਾਨ ਦਾ ਪਰਧਾਨ ਆਵੇਗਾ ।

21ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਮੈਂ ਤੇਨੂੰ ਦੱਸਦਾ ਹਾਂ; ਉਹਨਾਂ ਪ੍ਰਧਾਨਾਂ ਦੇ ਵਿਰੁੱਧ, ਤੁਹਾਡੇ ਪ੍ਰਧਾਨ ਮੀਕਾਏਲ ਤੋਂ ਬਿਨਾਂ ਮੇਰੇ ਨਾਲ ਸਥਿਰ ਰਹਿਣ ਵਾਲਾ ਕੋਈ ਨਹੀਂ ਹੈ ।


  Share Facebook  |  Share Twitter

 <<  Daniel 10 >> 


Bible2india.com
© 2010-2025
Help
Dual Panel

Laporan Masalah/Saran