Bible 2 India Mobile
[VER] : [PUNJABI]     [PL]  [PB] 
 <<  Numbers 36 >> 

1ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੂਸੁਫ਼ ਦੇ ਪੁੱਤਰਾਂ ਦੇ ਟੱਬਰ ਵਿੱਚ ਮੱਨਸ਼ੀ ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਟੱਬਰ ਤੋਂ ਸਨ, ਨੇੜੇ ਆ ਕੇ ਮੂਸਾ ਅਤੇ ਉਨ੍ਹਾਂ ਪ੍ਰਧਾਨ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ ।

2ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਦੀ ਧਰਤੀ ਚਿੱਠੀ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ ।

3ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੀ ਜ਼ਮੀਨ ਤੋਂ ਖਤਮ ਹੋ ਜਾਏਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਜਾਵੇਗਾ ।

4ਜਦ ਇਸਰਾਏਲੀਆਂ ਦੇ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਜ਼ਮੀਨ, ਉਸ ਗੋਤ ਦੀ ਜ਼ਮੀਨ ਨਾਲ ਰਲ ਜਾਵੇਗੀ ਜਿਸ ਵਿੱਚ ਉਹ ਵਿਆਹੀਆਂ ਜਾਣਗੀਆਂ । ਐਉਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਤੋਂ ਨਿੱਕਲ ਜਾਵੇਗਾ ।

5ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕਿ ਯੂਸੁਫ਼ ਦੇ ਪੁੱਤਰਾਂ ਦਾ ਗੋਤ ਠੀਕ ਆਖਦਾ ਹੈ ।

6ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ, ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਉਹ ਉਹ ਦੇ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰਾਉਣ ।

7ਅਜਿਹਾ ਹੋਵੇ ਜੋ ਇਸਰਾਏਲੀਆਂ ਦੀ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਵਿੱਚ ਬਣਿਆ ਰਹੇ ।

8ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਜ਼ਮੀਨ ਲਵੇ, ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਦੀ ਵਿਰਾਸਤ ਨੂੰ ਲਵੇ ।

9ਇਸ ਤਰ੍ਹਾਂ ਕੋਈ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਜ਼ਮੀਨਾਂ ਵਿੱਚ ਬਣੇ ਰਹਿਣ ।

10ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ ।

11ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ, ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤਰਾਂ ਨਾਲ ਵਿਆਹੀਆਂ ਗਈਆਂ ।

12ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁੱਤਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ । ਇਸ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੋਤ ਵਿੱਚ ਬਣੀ ਰਹੀ ।

13ਇਹ ਉਹ ਹੁਕਮ ਅਤੇ ਫ਼ੈਸਲੇ ਹਨ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ ।


  Share Facebook  |  Share Twitter

 <<  Numbers 36 >> 


Bible2india.com
© 2010-2025
Help
Dual Panel

Laporan Masalah/Saran