1ਫੇਰ ਯਹੋਵਾਹ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਮੂਸਾ ਨੂੰ ਬੋਲਿਆ,
2ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਜ਼ਮੀਨ ਵਿੱਚੋਂ ਰਹਿਣ ਲਈ ਨਗਰ ਦੇਣ ਅਤੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਟ ਲੇਵੀਆਂ ਨੂੰ ਦੇਣ ।
3ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਤ ਉਨ੍ਹਾਂ ਦੇ ਪਸ਼ੂਆਂ ਲਈ, ਉਨ੍ਹਾਂ ਦੇ ਸਭ ਕੁਝ ਲਈ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਹੋਵੇ ।
4ਅਤੇ ਨਗਰਾਂ ਦੀ ਸ਼ਾਮਲਾਟ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈ ਕੇ ਬਾਹਰ ਵੱਲ ਆਲੇ ਦੁਆਲੇ ਇੱਕ-ਇੱਕ ਹਜ਼ਾਰ ਹੱਥ ਹੋਵੇ ।
5ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ, ਲਹਿੰਦੇ ਪਾਸੇ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ । ਇਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਟਾਂ ਹੋਣ ।
6ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਉਹ ਛੇ ਨਗਰ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨ੍ਹਾਂ ਤੁਸੀਂ ਬਿਆਲੀ ਨਗਰ ਹੋਰ ਦਿਓ ।
7ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਸ਼ਾਮਲਾਟ ਨਾਲ ਹੋਣ ।
8ਅਤੇ ਉਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਜ਼ਮੀਨ ਤੋਂ ਦੇਣੇ ਉਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜ੍ਹੇ ਦਿਓ । ਹਰ ਇੱਕ ਆਪਣੀ ਜ਼ਮੀਨ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ ।
9ਯਹੋਵਾਹ ਨੇ ਮੂਸਾ ਨੂੰ ਆਖਿਆ,
10ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੂੰ ਯਰਦਨ ਪਾਰ ਲੰਘੋ
11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ ।
12ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜ੍ਹਾ ਨਾ ਕੀਤਾ ਜਾਵੇ ।
13ਅਤੇ ਜਿਹੜੇ ਨਗਰ ਤੁਸੀਂ ਦਿਓ ਉਹ ਤੁਹਾਡੇ ਲਈ ਛੇ ਨਗਰ ਪਨਾਹ ਦੇ ਨਗਰ ਹੋਣ ।
14ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਉਹ ਪਨਾਹ ਦੇ ਨਗਰ ਹੋਣ ।
15ਇਸਰਾਏਲੀਆਂ ਲਈ, ਪਰਦੇਸੀਆਂ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਇਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਨੂੰ ਭੁੱਲ ਨਾਲ ਮਾਰ ਦੇਵੇ ਉਹ ਉੱਥੇ ਭੱਜ ਜਾਵੇ ।
16ਪਰ ਜੇ ਉਸ ਨੇ ਕਿਸੇ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ ਅਤੇ ਉਹ ਖੂਨੀ ਜਰੂਰ ਮਾਰਿਆ ਜਾਵੇ ।
17ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ ।
18ਜਾਂ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ ।
19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ ।
20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ
21ਜਾਂ ਦੁਸ਼ਮਣੀ ਨਾਲ ਆਪਣੇ ਹੱਥੀਂ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜਰੂਰ ਮਾਰਿਆ ਜਾਵੇ, ਉਹ ਖੂਨੀ ਹੈ । ਬਦਲਾ ਲੈਣ ਵਾਲਾ ਜਦ ਕਦੀ ਉਹ ਲੱਭੇ ਉਸ ਖੂਨੀ ਨੂੰ ਮਾਰ ਸੁੱਟੇ ।
22ਪਰ ਜੇ ਉਸ ਨੇ ਉਹ ਨੂੰ ਅਚਾਨਕ ਦੁਸ਼ਮਣੀ ਤੋਂ ਬਿਨ੍ਹਾਂ ਧੱਕਾ ਮਾਰਿਆ ਹੋਵੇ ਜਾਂ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨ੍ਹਾਂ ਕੁਝ ਸੁੱਟਿਆ ਹੋਵੇ ।
23ਜਾਂ ਕਿਸੇ ਪੱਥਰ ਨਾਲ ਜਿਸ ਦੇ ਨਾਲ ਕੋਈ ਮਰ ਸਕੇ ਵੇਖੇ ਬਿਨ੍ਹਾਂ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਨੁਕਸਾਨ ਚਾਹੁੰਦਾ ਸੀ ।
24ਤਾਂ ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾ ਦੇ ਅਨੁਸਾਰ ਫ਼ੈਸਲਾ ਕਰੇ ।
25ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁਡਾ ਕੇ, ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਭੱਜ ਗਿਆ ਸੀ ਅਤੇ ਉਸ ਵਿੱਚ ਪ੍ਰਧਾਨ ਜਾਜਕ ਦੀ ਮੌਤ ਤੱਕ ਜਿਹੜਾ ਪਵਿੱਤਰ ਤੇਲ ਨਾਲ ਮਸਹ ਹੋਇਆ ਹੈ, ਵੱਸੇ ।
26ਅਤੇ ਜੇ ਕਦੀ ਉਹ ਖੂਨੀ ਪਨਾਹ ਦੇ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ ।
27ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਉਸ ਖੂਨੀ ਨੂੰ ਮਾਰ ਦੇਵੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ ।
28ਕਿਉਂ ਜੋ ਉਸ ਨੂੰ ਚਾਹੀਦਾ ਸੀ ਕਿ ਪ੍ਰਧਾਨ ਜਾਜਕ ਦੀ ਮੌਤ ਤੱਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਪ੍ਰਧਾਨ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਜ਼ਮੀਨ ਦੀ ਧਰਤੀ ਵਿੱਚ ਮੁੜ ਜਾਵੇ
29ਅਤੇ ਇਹ ਤੁਹਾਡੇ ਲਈ ਨਿਆਉਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡੀਆਂ ਸਾਰੀਆਂ ਰਹਿਣ ਦੀਆਂ ਥਾਵਾਂ ਵਿੱਚ ਹੋਵੇ ।
30ਜੇ ਕੋਈ ਕਿਸੇ ਮਨੁੱਖ ਨੂੰ ਮਾਰੇ, ਉਹ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ, ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਨਾ ਮਾਰਿਆ ਜਾਵੇ ।
31ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਓ, ਜੋ ਮੌਤ ਦਾ ਦੋਸ਼ੀ ਹੋਵੇ । ਉਹ ਜਰੂਰ ਮਾਰਿਆ ਜਾਵੇ ।
32ਜਿਹੜਾ ਆਪਣੇ ਪਨਾਹ ਨਗਰ ਨੂੰ ਭੱਜ ਗਿਆ ਹੋਵੇ ਅਤੇ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ ਉਸ ਤੋਂ ਤੁਸੀਂ ਕੋਈ ਜੁਰਮਾਨਾ ਉਸ ਦੇ ਬਦਲੇ ਨਾ ਲਓ ।
33ਤੁਸੀਂ ਉਸ ਜਗ੍ਹਾ ਨੂੰ ਭਰਿਸ਼ਟ ਨਾ ਕਰੋ ਜਿਸ ਦੇ ਵਿੱਚ ਤੁਸੀਂ ਵੱਸਦੇ ਹੋ, ਕਿਉਂ ਜੋ ਜ਼ਮੀਨ ਖੂਨ ਦੇ ਨਾਲ ਭਰਿਸ਼ਟ ਹੋ ਜਾਂਦੀ ਹੈ ਅਤੇ ਜਿਸ ਨਗਰ ਵਿੱਚ ਖੂਨ ਵਹਾਇਆ ਜਾਵੇ ਤਾਂ ਉਸ ਖੂਨ ਵਹਾਉਣ ਵਾਲੇ ਦੇ ਖੂਨ ਨਾਲ ਹੀ ਉਸ ਜ਼ਮੀਨ ਦਾ ਪ੍ਰਾਸ਼ਚਿਤ ਹੋ ਸਕਦਾ ਹੈ ।
34ਜਿਸ ਦੇਸ ਵਿੱਚ ਤੁਸੀਂ ਵਾਸ ਕਰੋਗੇ ਮੈਂ ਤੁਹਾਡੇ ਵਿਚਕਾਰ ਵੱਸਾਂਗਾ, ਉਸ ਨਗਰ ਨੂੰ ਤੁਸੀਂ ਭਰਿਸ਼ਟ ਨਾ ਕਰਨਾ, ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਵਿੱਚ ਵੱਸਦਾ ਹਾਂ ।