Bible 2 India Mobile
[VER] : [PUNJABI]     [PL]  [PB] 
 <<  Numbers 24 >> 

1ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਉਹ ਪਹਿਲਾਂ ਕਦੀਂ ਕਦਾਈਂ ਜਾਦੂਗਰਾਂ ਨਾਲ ਮਿਲਣ ਲਈ ਜਾਂਦਾ ਸੀ, ਨਾ ਗਿਆ ਪਰ ਉਸ ਉਜਾੜ ਦੀ ਵੱਲ ਚਲਿਆ ਗਿਆ ।

2ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ ।

3ਤਦ ਉਸ ਆਪਣਾ ਅਗੰਮ ਵਾਕ ਆਖਿਆ, ਬਓਰ ਦੇ ਪੁੱਤਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ ।

4ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

5ਹੇ ਯਾਕੂਬ, ਤੇਰੇ ਤੰਬੂ ਕਿੰਨੇ ਚੰਗੇ ਹਨ ! ਹੇ ਇਸਰਾਏਲ, ਤੇਰੇ ਵਾਸ ਵੀ !

6ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗਾਂ ਵਾਂਗੂੰ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ, ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ,

7ਉਸ ਦਾ ਪਾਣੀ ਉਮੜ ਕੇ ਵਗੇਗਾ, ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵਧਦਾ ਜਾਵੇਗਾ ।

8ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਜਿਹਨਾਂ ਦਾ ਜ਼ੋਰ ਸਾਨ੍ਹ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ ਚੂਰ ਕਰੇਗਾ, ਅਤੇ ਉਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ ।

9ਉਹ ਚੁੱਪ ਬੈਠਾ ਹੈ, ਉਹ ਸ਼ੇਰ ਵਾਂਗੂੰ ਲੇਟਿਆ, ਅਤੇ ਸ਼ੇਰਨੀ ਵਾਂਗੂੰ, ਕੌਣ ਉਹ ਨੂੰ ਛੇੜੇਗਾ ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ, ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ !

10ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਸੱਦਿਆ ਅਤੇ ਵੇਖ, ਤੂੰ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ ।

11ਹੁਣ ਆਪਣੇ ਘਰ ਚਲਿਆ ਜਾ ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਇਨਾਮ ਲੈਣ ਤੋਂ ਮਨ੍ਹਾਂ ਕੀਤਾ ।

12ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਸੰਦੇਸ਼ਵਾਹਕਾਂ ਨੂੰ ਜਿਹੜੇ ਤੂੰ ਮੇਰੇ ਕੋਲ ਭੇਜੇ ਸਨ ਨਹੀਂ ਆਖਿਆ ਸੀ ।

13ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾਂ ਬੁਰਾ ਕਰਾਂ ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ ।

14ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ । ਆ, ਮੈਂ ਤੈਨੂੰ ਦੱਸਾਂਗਾ ਕਿ ਇਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ ।

15ਫੇਰ ਉਸ ਆਪਣਾ ਅਗੰਮ ਵਾਕ ਆਖਿਆ, ਬਓਰ ਦੇ ਪੁੱਤਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ,

16ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

17ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ । ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ । ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ, ਅਤੇ ਸਾਰੇ ਦੰਗਾ ਕਰਨ ਵਾਲਿਆ ਨੂੰ ਸੁੱਟੇਗਾ ।

18ਅਦੋਮ ਉਹ ਦੀ ਸੰਪਤੀ ਹੋਵੇਗਾ, ਅਤੇ ਸੇਈਰ ਵੀ ਉਹ ਦੀ ਸੰਪਤੀ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਦਿਖਾਉਂਦਾ ਜਾਵੇਗਾ ।

19ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਸਾਰੇ ਬਚਿਆਂ ਹੋਇਆਂ ਨੂੰ ਵੀ ਨਾਸ ਕਰੇਗਾ ।

20ਫੇਰ ਉਸ ਨੇ ਅਮਾਲੇਕ ਨੂੰ ਦੇਖਿਆ ਅਤੇ ਆਪਣਾ ਅਗੰਮ ਵਾਕ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੀ ਹੋਣਾ ਹੈ ।

21ਫਿਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਆਖਿਆ, ਤੇਰਾ ਵਸੇਰਾ ਸਥਿਰ ਤਾਂ ਹੈ, ਅਤੇ ਤੇਰਾ ਆਲ੍ਹਣਾ ਚਟਾਨ ਵਿੱਚ ਤਾਂ ਹੈ,

22ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੱਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ ।

23ਉਸ ਨੇ ਫੇਰ ਆਪਣਾ ਅਗੰਮ ਵਾਕ ਆਖਿਆ, ਹਾਏ ! ਪਰਮੇਸ਼ੁਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀਉਂਦਾ ਰਹੇਗਾ ?

24ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ ।

25ਤਾਂ ਬਿਲਆਮ ਉੱਠ ਕੇ ਚਲਾ ਗਿਆ ਅਤੇ ਆਪਣੇ ਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪੈ ਗਿਆ ।


  Share Facebook  |  Share Twitter

 <<  Numbers 24 >> 


Bible2india.com
© 2010-2025
Help
Dual Panel

Laporan Masalah/Saran