1ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ ।
2ਤਦ ਜਿਵੇਂ ਬਿਲਆਮ ਬੋਲਿਆ ਸੀ ਉਸੇ ਤਰ੍ਹਾਂ ਹੀ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ-ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ।
3ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਜਾਂਵਾਂਗਾ, ਸ਼ਾਇਦ ਯਹੋਵਾਹ ਮੈਨੂੰ ਮਿਲਣ ਆਵੇ । ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ । ਤਦ ਉਹ ਇੱਕ ਪਰਬਤ ਉੱਤੇ ਗਿਆ ।
4ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ਹੈ ।
5ਤਦ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਦੇ ਕੋਲ ਜਾਂ ਕੇ ਇਸ ਤਰ੍ਹਾਂ ਬੋਲੀ ।
6ਉਹ ਉਸ ਦੇ ਕੋਲ ਆਇਆ ਅਤੇ ਵੇਖੋ, ਉਹ ਆਪਣੀ ਹੋਮਬਲੀ ਲਈ ਖੜ੍ਹਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਪ੍ਰਧਾਨ ਸਨ ।
7ਉਸ ਨੇ ਆਪਣਾ ਅਗੰਮ ਵਾਕ ਆਖਿਆ, ਅਰਾਮ ਤੋਂ ਬਾਲਾਕ ਮੈਨੂੰ ਲਿਆਇਆ, ਮੋਆਬ ਦਾ ਰਾਜਾ ਪੁਰਬ ਦੇ ਪਹਾੜ ਤੋਂ, ਆ, ਮੇਰੇ ਲਈ ਯਾਕੂਬ ਨੂੰ ਸਰਾਪ ਦੇ, ਅਤੇ ਆ, ਇਸਰਾਏਲ ਨੂੰ ਘਟਾ !
8ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ ? ਅਤੇ ਮੈਂ ਕਿਵੇਂ ਉਹ ਨੂੰ ਘਟਾਵਾਂ, ਜਿਸ ਨੂੰ ਯਹੋਵਾਹ ਨੇ ਨਹੀਂ ਘਟਾਇਆ ?
9ਚਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ, ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ । ਇਹ ਪਰਜਾ ਇਕੱਲੀ ਵੱਸਦੀ ਹੈ, ਅਤੇ ਕੌਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਨਹੀਂ ਗਿਣਦੀ ।
10ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਸ ਨੇ ਗਿਣਿਆ ? ਜਾਂ ਕਿਸ ਨੇ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ ? ਮੈਂ ਧਰਮੀਆਂ ਦੀ ਮੌਤ ਦੀ ਤਰ੍ਹਾਂ ਮਰਾਂ, ਅਤੇ ਮੇਰਾ ਅੰਤ ਉਸ ਵਰਗਾ ਹੋਵੇ !
11ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੂੰ ਮੇਰੇ ਨਾਲ ਕੀ ਕੀਤਾ ? ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਲਿਆਂਦਾ ਅਤੇ ਵੇਖ, ਤੂੰ ਉਨ੍ਹਾਂ ਨੂੰ ਬਰਕਤ ਹੀ ਬਰਕਤ ਦੇ ਦਿੱਤੀ !
12ਉਸ ਨੇ ਉੱਤਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ ?
13ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ । ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਸਰਾਪ ਦੇ ।
14ਫੇਰ ਉਹ ਉਸ ਨੂੰ ਸੋਫ਼ੀਮ ਦੇ ਮੈਦਾਨ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ ।
15ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖੜ੍ਹਾ ਹੋ ਜਾ ਜਦ ਤੱਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ ।
16ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਜਾ ਕੇ ਇਸ ਤਰ੍ਹਾਂ ਬੋਲੀਂ ।
17ਤਾਂ ਉਹ ਉਸ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਹਾਕਮਾਂ ਨਾਲ ਖੜ੍ਹਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ ? ਉਸ ਨੇ ਆਪਣਾ ਅਗੰਮ ਵਾਕ ਬੋਲਿਆ,
18ਹੇ ਬਾਲਾਕ, ਉੱਠ ਅਤੇ ਸੁਣ, ਹੇ ਸਿੱਪੋਰ ਦੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਦੇ ।
19ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ, ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ । ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ ? ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ ?
20ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ, ਉਸ ਨੇ ਬਰਕਤ ਦਿੱਤੀ, ਇਸ ਨੂੰ ਮੈਂ ਮੋੜ ਨਹੀਂ ਸਕਦਾ ।
21ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਦੇਖੀ, ਨਾ ਇਸਰਾਏਲ ਵਿੱਚ ਚਲਾਕੀ ਵੇਖੀ । ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ ।
22ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ, ਉਹਨਾਂ ਵਿੱਚ ਸਾਨ੍ਹ ਜਿਨ੍ਹਾਂ ਜ਼ੋਰ ਹੈ ।
23ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਏਲ ਉੱਤੇ ਟੂਣਾ । ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ, ਪਰਮੇਸ਼ੁਰ ਨੇ ਕੀ ਕੀਤਾ !
24ਇਹ ਪਰਜਾ ਸ਼ੇਰਨੀ ਵਾਂਗੂੰ ਉੱਠੇਗੀ, ਅਤੇ ਸ਼ੇਰ ਵਾਂਗੂੰ ਆਪਣੇ ਆਪ ਨੂੰ ਖੜ੍ਹਾ ਕਰੇਗੀ, ਉਹ ਨਹੀਂ ਲੇਟੇਗੀ ਜਦ ਤੱਕ ਸ਼ਿਕਾਰ ਨਾ ਖਾ ਲਵੇ, ਅਤੇ ਸ਼ਿਕਾਰ ਦਾ ਲਹੂ ਨਾ ਪੀ ਲਵੇ ।
25ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਸਰਾਪ ਦੇ ਅਤੇ ਨਾ ਉਹ ਨੂੰ ਬਰਕਤ ਹੀ ਦੇ !
26ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਆਖਦਾ ਹੈ ਮੈਨੂੰ ਉਹੀ ਕਰਨਾ ਪੈਂਦਾ ਹੈ ?
27ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਂਵਾਂ । ਸ਼ਾਇਦ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇਵੇਂ ।
28ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਹੇਠਾਂ ਦੇ ਵੱਲ ਝੁੱਕੀ ਹੋਈ ਸੀ ।
29ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ ।
30ਤਾਂ ਬਾਲਾਕ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ ।