Bible 2 India Mobile
[VER] : [PUNJABI]     [PL]  [PB] 
 <<  Numbers 19 >> 

1ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,

2ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਤੋਂ ਰਹਿਤ ਹੋਵੇ ਅਤੇ ਜਿਸ ਦੇ ਉੱਤੇ ਜੂਲਾ ਨਾ ਰੱਖਿਆ ਗਿਆ ਹੋਵੇ ।

3ਤਦ ਤੁਸੀਂ ਉਹ ਨੂੰ ਅਲਆਜ਼ਾਰ ਜਾਜਕ ਨੂੰ ਦਿਓ ਅਤੇ ਉਹ ਉਸਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਦੇ ਸਾਹਮਣੇ ਕੋਈ ਉਸ ਨੂੰ ਕੱਟੇ ।

4ਫੇਰ ਅਲਆਜ਼ਾਰ ਜਾਜਕ ਆਪਣੀ ਉਂਗਲੀ ਨਾਲ ਉਸ ਦੇ ਲਹੂ ਵਿੱਚੋਂ ਲੈ ਕੇ ਮੰਡਲੀ ਦੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰ ਉਸ ਲਹੂ ਨੂੰ ਛਿੜਕੇ ।

5ਤਾਂ ਕੋਈ ਉਸ ਗਾਂ ਨੂੰ ਚਮੜੇ, ਮਾਸ, ਲਹੂ ਅਤੇ ਗੋਹੇ ਸਮੇਤ ਉਹ ਦੀਆਂ ਅੱਖਾਂ ਦੇ ਸਾਹਮਣੇ ਸਾੜੇ ।

6ਫੇਰ ਜਾਜਕ ਦਿਆਰ ਦੀ ਲੱਕੜੀ ਅਤੇ ਜੂਫ਼ਾ ਅਤੇ ਲਾਲ ਰੰਗ ਦਾ ਕੱਪੜਾ ਲੈ ਕੇ ਅੱਗ ਵਿੱਚ ਸੁੱਟੇ ਜਿਸ ਵਿੱਚ ਉਸ ਵੱਛੀ ਨੂੰ ਸਾੜਿਆ ਗਿਆ ਹੋਵੇ ।

7ਫੇਰ ਜਾਜਕ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ । ਉਸ ਦੇ ਮਗਰੋਂ ਉਹ ਡੇਰੇ ਵਿੱਚ ਆਵੇ ਪਰ ਉਹ ਜਾਜਕ ਸ਼ਾਮ ਤੱਕ ਅਸ਼ੁੱਧ ਰਹੇ ।

8ਅਤੇ ਸਾੜਨ ਵਾਲਾ ਵੀ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ।

9ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹ ਨੂੰ ਡੇਰੇ ਤੋਂ ਬਾਹਰ ਸ਼ੁੱਧ ਸਥਾਨ ਵਿੱਚ ਰੱਖੇ ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ, ਉਹ ਪਾਪ ਦੀ ਭੇਟ ਹੈ ।

10ਅਤੇ ਜਿਹੜਾ ਗਾਂ ਦੀ ਸੁਆਹ ਇਕੱਠੀ ਕਰਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ । ਇਹ ਇਸਰਾਏਲੀਆਂ ਦੇ ਲਈ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਲਈ ਸਦਾ ਦੀ ਬਿਧੀ ਹੋਵੇ ।

11ਜੇ ਕੋਈ ਕਿਸੇ ਆਦਮੀ ਦੀ ਲਾਸ਼ ਨੂੰ ਛੂਹੇ ਉਹ ਸੱਤ ਦਿਨ ਅਸ਼ੁੱਧ ਰਹੇ ।

12ਉਹ ਤੀਜੇ ਦਿਨ ਆਪਣੇ ਆਪ ਨੂੰ ਉਹ ਦੇ ਨਾਲ ਸ਼ੁੱਧ ਕਰੇ ਤਾਂ ਸੱਤਵੇਂ ਦਿਨ ਉਹ ਸ਼ੁੱਧ ਹੋਵੇਗਾ ਪਰ ਜੇ ਉਹ ਤੀਜੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਸੱਤਵੇਂ ਦਿਨ ਵੀ ਉਹ ਸ਼ੁੱਧ ਨਹੀਂ ਹੋਵੇਗਾ ।

13ਜੋ ਕੋਈ ਕਿਸੇ ਆਦਮੀ ਦੀ ਲਾਸ਼ ਛੂਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਉਹ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕਰਦਾ ਹੈ ਸੋ ਉਹ ਮਨੁੱਖ ਇਸਰਾਏਲ ਵਿੱਚੋ ਛੇਕਿਆ ਜਾਵੇ, ਇਸ ਲਈ ਕਿ ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹੋਵੇਗਾ । ਉਹ ਅਜੇ ਅਸ਼ੁੱਧ ਹੈ ।

14ਜਦ ਕੋਈ ਮਨੁੱਖ ਤੰਬੂ ਵਿੱਚ ਮਰ ਜਾਵੇ ਤਾਂ ਉਸ ਲਈ ਇਹ ਬਿਵਸਥਾ ਹੈ । ਜੋ ਕੋਈ ਤੰਬੂ ਵਿੱਚ ਵੜੇ ਅਤੇ ਜੋ ਕੋਈ ਤੰਬੂ ਵਿੱਚ ਹੋਵੇ ਸੱਤ ਦਿਨ ਤੱਕ ਅਸ਼ੁੱਧ ਰਹੇਗਾ ।

15ਸਾਰੇ ਭਾਂਡੇ ਜਿਨ੍ਹਾਂ ਉੱਤੇ ਕੋਈ ਢੱਕਣ ਨਾ ਹੋਵੇ, ਉਹ ਅਸ਼ੁੱਧ ਹਨ ।

16ਜੋ ਕੋਈ ਮੈਦਾਨ ਵਿੱਚ ਤਲਵਾਰ ਨਾਲ ਵੱਢੇ ਹੋਏ ਨੂੰ ਜਾਂ ਕਿਸੇ ਲਾਸ਼ ਨੂੰ ਜਾਂ ਆਦਮੀ ਦੀ ਹੱਡੀ ਨੂੰ ਜਾਂ ਕਿਸੇ ਕਬਰ ਨੂੰ ਛੂਹੇ ਉਹ ਸੱਤ ਦਿਨ ਤੱਕ ਅਸ਼ੁੱਧ ਰਹੇਗਾ ।

17ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਂਡੇ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ ।

18ਅਤੇ ਕੋਈ ਸ਼ੁੱਧ ਮਨੁੱਖ ਜੂਫ਼ਾ ਲੈ ਕੇ ਉਸ ਜਲ ਵਿੱਚ ਡਬੋਵੇ, ਫੇਰ ਉਸ ਤੰਬੂ ਉੱਤੇ, ਸਾਰਿਆਂ ਭਾਂਡਿਆਂ ਉੱਤੇ, ਉਨ੍ਹਾਂ ਪ੍ਰਾਣੀਆਂ ਜਿਹੜੇ ਉੱਥੇ ਸਨ, ਨਾਲੇ ਉਸ ਉੱਤੇ ਜਿਸ ਨੇ ਹੱਡੀ ਨੂੰ ਜਾਂ ਵੱਢੇ ਹੋਏ ਨੂੰ ਜਾਂ ਲਾਸ਼ ਨੂੰ ਜਾਂ ਕਬਰ ਨੂੰ ਛੂਹਿਆ ਹੋਵੇ, ਉਸ ਉੱਤੇ ਛਿੜਕੇ ।

19ਅਤੇ ਸ਼ੁੱਧ ਪੁਰਖ ਤੀਜੇ ਦਿਨ ਅਤੇ ਸੱਤਵੇਂ ਦਿਨ ਅਸ਼ੁੱਧ ਪੁਰਖ ਉੱਤੇ ਇਸ ਨੂੰ ਛਿੜਕੇ ਅਤੇ ਇਸ ਤਰ੍ਹਾਂ ਸੱਤਵੇਂ ਦਿਨ ਉਹ ਨੂੰ ਸ਼ੁੱਧ ਕਰੇ । ਉਹ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਤਾਂ ਉਹ ਸ਼ਾਮ ਨੂੰ ਸ਼ੁੱਧ ਹੋਵੇਗਾ ।

20ਪਰ ਜਿਹੜਾ ਮਨੁੱਖ ਅਸ਼ੁੱਧ ਰਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ, ਉਹ ਪ੍ਰਾਣੀ ਸਭਾ ਵਿੱਚੋਂ ਕੱਢਿਆ ਜਾਵੇ ਕਿਉ ਜੋ ਉਹ ਨੇ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ । ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ ਸੋ ਉਹ ਅਸ਼ੁੱਧ ਹੈ ।

21ਅਤੇ ਉਨ੍ਹਾਂ ਲਈ ਇਹ ਸਦਾ ਦੀ ਬਿਧੀ ਹੋਵੇਗੀ ਅਤੇ ਅਸ਼ੁੱਧਤਾਈ ਦੇ ਜਲ ਦਾ ਛਿੜਕਣ ਵਾਲਾ ਆਪਣੇ ਕੱਪੜੇ ਧੋਵੇ ਅਤੇ ਅਸ਼ੁੱਧਤਾਈ ਦੇ ਜਲ ਨੂੰ ਛੂਹਣ ਵਾਲਾ ਸ਼ਾਮ ਤੱਕ ਅਸ਼ੁੱਧ ਰਹੇ ।

22ਅਤੇ ਜੋ ਕੁਝ ਉਹ ਅਸ਼ੁੱਧ ਮਨੁੱਖ ਛੂਹੇ ਉਹ ਵੀ ਅਸ਼ੁੱਧ ਹੋਵੇਗਾ ਅਤੇ ਜਿਹੜਾ ਮਨੁੱਖ ਉਸ ਚੀਜ਼ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ ।


  Share Facebook  |  Share Twitter

 <<  Numbers 19 >> 


Bible2india.com
© 2010-2025
Help
Dual Panel

Laporan Masalah/Saran