Bible 2 India Mobile
[VER] : [PUNJABI]     [PL]  [PB] 
 <<  Job 8 >> 

1ਤਦ ਬਿਲਦਦ ਸ਼ੂਹੀ ਨੇ ਆਖਿਆ,

2"ਤੂੰ ਕਦੋਂ ਤੱਕ ਇਨ੍ਹਾਂ ਗੱਲਾਂ ਨੂੰ ਕਰਦਾ ਰਹੇਂਗਾ ਅਤੇ ਤੇਰੇ ਮੂੰਹ ਦੀਆਂ ਗੱਲਾਂ ਇੱਕ ਤੂਫ਼ਾਨੀ ਹਵਾ ਵਰਗੀਆਂ ਹੋਣਗੀਆਂ ?

3ਕੀ ਪਰਮੇਸ਼ੁਰ ਨਿਆਂ ਨੂੰ ਵਿਗਾੜਦਾ ਹੈ, ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ ?

4ਜੇ ਤੇਰੇ ਪੁੱਤਰਾਂ ਨੇ ਉਹ ਦਾ ਪਾਪ ਕੀਤਾ, ਤਦ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ ।

5ਜੇ ਤੂੰ ਪਰਮੇਸ਼ੁਰ ਨੂੰ ਵੱਡੇ ਯਤਨ ਨਾਲ ਭਾਲਦਾ, ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ,

6ਜੇ ਤੂੰ ਪਵਿੱਤਰ ਅਤੇ ਨੇਕ ਹੁੰਦਾ, ਤਦ ਹੁਣ ਉਹ ਤੇਰੇ ਲਈ ਜਾਗ ਉੱਠਦਾ, ਤੇਰੇ ਧਰਮ ਦੇ ਡੇਰੇ ਨੂੰ ਬਚਾਈ ਰੱਖਦਾ ।

7ਭਾਵੇਂ ਤੇਰਾ ਹਿੱਸਾ ਥੋੜ੍ਹਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਉਹ ਤੈਨੂੰ ਬਹੁਤ ਵਧਾਉਂਦਾ ।

8ਤੂੰ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਪੁੱਛ, ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ,

9ਆਪਾਂ ਤਾਂ ਕੱਲ ਦੇ ਹਾਂ, ਅਤੇ ਕੁਝ ਨਹੀਂ ਜਾਣਦੇ ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਪਰਛਾਵੇਂ ਵਰਗੇ ਹੀ ਹਨ ।

10ਕੀ ਉਹ ਤੈਨੂੰ ਨਾ ਸਿਖਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ ?

11ਕੀ, ਬਿਨ੍ਹਾਂ ਚਿੱਕੜ ਤੋਂ ਕਾਨਾ ਉੱਗੇਗਾ ? ਕੀ, ਬਿਨ੍ਹਾਂ ਪਾਣੀ ਤੋਂ ਸਰਕੰਡਾ ਵਧੇਗਾ ?

12ਭਾਵੇਂ ਉਹ ਹਰਾ ਹੋਵੇ, ਅਤੇ ਵੱਢਿਆ ਵੀ ਨਾ ਗਿਆ ਹੋਵੇ, ਤਾਂ ਵੀ ਉਹ ਦੂਜੇ ਘਾਹ ਨਾਲੋਂ ਛੇਤੀ ਸੁੱਕ ਜਾਂਦਾ ਹੈ ।

13ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ ।

14ਉਸ ਦੀ ਆਸ ਦਾ ਮੁੱਢ ਟੁੱਟ ਜਾਂਦਾ ਹੈ, ਅਤੇ ਜਿਸ ਉੱਤੇ ਉਹ ਭਰੋਸਾ ਕਰਦਾ ਹੈ ਉਹ ਮੱਕੜੀ ਦਾ ਜਾਲਾ ਠਹਿਰਦਾ ਹੈ ।

15ਭਾਵੇਂ ਉਹ ਆਪਣੇ ਘਰ ਉੱਤੇ ਭਰੋਸਾ ਰੱਖੇ, ਪਰ ਉਹ ਖੜ੍ਹਾ ਨਹੀਂ ਰਹੇਗਾ, ਉਹ ਉਸ ਨੂੰ ਤਕੜਾਈ ਨਾਲ ਫੜ੍ਹ ਲਵੇਗਾ, ਪਰ ਉਹ ਕਾਇਮ ਨਹੀਂ ਰਹੇਗਾ ।

16ਉਹ ਧੁੱਪ ਵਿੱਚ ਹਰਾ-ਭਰਾ ਹੋ ਜਾਂਦਾ ਹੈ, ਅਤੇ ਉਸ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਫੈਲ ਜਾਂਦੀਆਂ ਹਨ ।

17ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਨੂੰ ਲੱਭ ਲੈਂਦਾ ਹੈ ।

18ਜੇ ਉਹ ਆਪਣੇ ਸਥਾਨ ਤੋਂ ਨਾਸ ਕੀਤਾ ਜਾਵੇ, ਤਾਂ ਉਹ ਇਹ ਆਖ ਕੇ ਉਸ ਦਾ ਇਨਕਾਰ ਕਰੇਗਾ ਕਿ ਮੈਂ ਇਸ ਨੂੰ ਵੇਖਿਆ ਹੀ ਨਹੀਂ ।

19ਵੇਖ, ਉਸ ਦੀ ਖੁਸ਼ੀ ਰਾਤ ਭਰ ਲਈ ਹੁੰਦੀ ਹੈ ! ਫਿਰ ਦੂਜੇ ਉਸੇ ਮਿੱਟੀ ਵਿੱਚੋਂ ਨਿੱਕਲਣਗੇ ।

20ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੇਗਾ, ਅਤੇ ਨਾ ਬੁਰਿਆਰਾਂ ਦੇ ਹੱਥ ਨੂੰ ਥੰਮੇਗਾ ।

21ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ ।

22ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ !"


  Share Facebook  |  Share Twitter

 <<  Job 8 >> 


Bible2india.com
© 2010-2025
Help
Dual Panel

Laporan Masalah/Saran