Bible 2 India Mobile
[VER] : [PUNJABI]     [PL]  [PB] 
 <<  Job 42 >> 

1ਫੇਰ ਅਯੂੱਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ,

2"ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ ।

3ਤੂੰ ਪੁੱਛਿਆ, ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਮੇਰੀ ਯੋਜਨਾ ਨੂੰ ਢੱਕਦਾ ਹੈ ? ਮੈਂ ਤਾਂ ਉਹ ਹੀ ਬੋਲਿਆ ਜਿਸ ਨੂੰ ਮੈਂ ਨਹੀਂ ਸਮਝਦਾ, ਜੋ ਗੱਲਾਂ ਮੇਰੇ ਲਈ ਅਚਰਜ ਗੱਲਾਂ ਸਨ ਅਤੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਸੀ !

4ਤੂੰ ਆਖਿਆ, ਜ਼ਰਾ ਸੁਣ ਅਤੇ ਮੈਂ ਬੋਲਾਂਗਾ, ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ !

5ਮੇਰੇ ਕੰਨਾਂ ਨੇ ਤੇਰੇ ਵਿਖੇ ਗੱਲਾਂ ਸੁਣੀਆਂ ਸਨ, ਪਰ ਹੁਣ ਮੇਰੀਆਂ ਅੱਖਾਂ ਤੈਨੂੰ ਵੇਖਦੀਆਂ ਹਨ ।

6ਇਸ ਲਈ ਮੈਂ ਆਪਣੇ ਆਪ ਤੋਂ ਨਫ਼ਰਤ ਕਰਦਾ ਹਾਂ, ਅਤੇ ਮੈਂ ਮਿੱਟੀ ਤੇ ਸੁਆਹ ਵਿੱਚ ਬੈਠ ਕੇ ਪਛਤਾਉਂਦਾ ਹਾਂ ।"

7ਫੇਰ ਅਜਿਹਾ ਹੋਇਆ ਕਿ ਜਦ ਯਹੋਵਾਹ ਇਹ ਗੱਲਾਂ ਅਯੂੱਬ ਨਾਲ ਕਰ ਚੁੱਕਿਆ, ਤਦ ਯਹੋਵਾਹ ਨੇ ਅਲੀਫ਼ਜ਼ ਤੇਮਾਨੀ ਨੂੰ ਆਖਿਆ, "ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ ।

8ਇਸ ਲਈ ਹੁਣ ਆਪਣੇ ਲਈ ਸੱਤ ਬਲ਼ਦ ਅਤੇ ਸੱਤ ਮੇਂਢੇ ਲਓ, ਅਤੇ ਮੇਰੇ ਦਾਸ ਅਯੂੱਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ ਅਤੇ ਮੇਰਾ ਦਾਸ ਅਯੂੱਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ । ਮੈਂ ਤਾਂ ਉਸੇ ਦੀ ਪ੍ਰਾਰਥਨਾ ਕਬੂਲ ਕਰਾਂਗਾ, ਤਾਂ ਜੋ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਦੇ ਅਨੁਸਾਰ ਵਰਤਾਓ ਨਾ ਕਰਾਂ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ ।"

9ਤਦ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਗਏ ਅਤੇ ਜਿਵੇਂ ਯਹੋਵਾਹ ਨੇ ਆਖਿਆ ਸੀ, ਉਸੇ ਤਰ੍ਹਾਂ ਹੀ ਕੀਤਾ ਅਤੇ ਯਹੋਵਾਹ ਨੇ ਅਯੂੱਬ ਦੀ ਪ੍ਰਾਰਥਨਾ ਨੂੰ ਕਬੂਲ ਕੀਤਾ ।

10ਜਦ ਅਯੂੱਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅਯੂੱਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅਯੂੱਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ ।

11ਤਦ ਉਸ ਦੇ ਸਾਰੇ ਭਰਾ, ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਜਾਣ-ਪਹਿਚਾਣ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਸ ਦੇ ਉੱਤੇ ਆਉਣ ਦਿੱਤੀ ਸੀ, ਅਫ਼ਸੋਸ ਕੀਤਾ ਅਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ ।

12ਯਹੋਵਾਹ ਨੇ ਅਯੂੱਬ ਦੀ ਪਿਛਲੇ ਦਿਨਾਂ ਵਿੱਚ ਉਸ ਦੇ ਪਹਿਲੇ ਦਿਨਾਂ ਨਾਲੋਂ ਵੱਧ ਬਰਕਤ ਦਿੱਤੀ, ਅਤੇ ਉਹ ਦੇ ਕੋਲ ਚੌਦਾਂ ਹਜ਼ਾਰ ਇੱਜੜ, ਛੇ ਹਜ਼ਾਰ ਊਠ, ਇੱਕ ਹਜ਼ਾਰ ਜੋੜੀ ਬਲਦ ਅਤੇ ਇੱਕ ਹਜ਼ਾਰ ਗਧੀਆਂ ਹੋ ਗਈਆਂ ।

13ਅਤੇ ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ ।

14ਉਸ ਨੇ ਪਹਿਲੀ ਧੀ ਦਾ ਨਾਮ ਯਮੀਮਾਹ, ਦੂਜੀ ਦਾ ਨਾਮ ਕਸੀਆਹ ਅਤੇ ਤੀਜੀ ਦਾ ਨਾਮ ਕਰਨ-ਹਪੂਕ ਰੱਖਿਆ,

15ਅਤੇ ਸਾਰੇ ਦੇਸ ਵਿੱਚ ਅਜਿਹੀਆਂ ਇਸਤਰੀਆਂ ਨਹੀਂ ਸਨ, ਜੋ ਅਯੂੱਬ ਦੀਆਂ ਧੀਆਂ ਨਾਲੋਂ ਰੂਪਵੰਤ ਹੋਣ, ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਹਿੱਸਾ ਦਿੱਤਾ ।

16ਇਸ ਤੋਂ ਬਾਅਦ ਅਯੂੱਬ ਇੱਕ ਸੌ ਚਾਲੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ ।

17ਤਦ ਅਯੂੱਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ ।


  Share Facebook  |  Share Twitter

 <<  Job 42 >> 


Bible2india.com
© 2010-2025
Help
Dual Panel

Laporan Masalah/Saran