1ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਦ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ ?
2ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ, ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ ?
3ਕੀ ਇਹ ਕੁਧਰਮੀਆਂ ਦੇ ਲਈ ਬਿਪਤਾ ਨਹੀਂ, ਅਤੇ ਕੁਕਰਮੀਆਂ ਦੇ ਲਈ ਨਾਸ ਦਾ ਕਾਰਨ ਨਹੀਂ ?
4ਕੀ ਉਹ ਮੇਰਾ ਰਾਹ ਨਹੀਂ ਵੇਖਦਾ, ਅਤੇ ਮੇਰੇ ਸਭ ਕਦਮ ਨਹੀਂ ਗਿਣਦਾ ?
5ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, -
6(ਤਾਂ ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ)
7ਜੇ ਮੇਰੇ ਕਦਮ ਕੁਰਾਹੇ ਪੈ ਗਏ ਹੋਣ ਅਤੇ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਚੱਲਿਆ ਹੋਵੇ, ਅਤੇ ਮੇਰੇ ਹੱਥਾਂ ਤੇ ਕੋਈ ਦਾਗ਼ ਲੱਗਾ ਹੋਵੇ,
8ਤਦ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ !
9ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਿਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ਉੱਤੇ ਘਾਤ ਲਾ ਕੇ ਬੈਠਾ ਹੋਵਾਂ,
10ਤਦ ਮੇਰੀ ਪਤਨੀ ਦੂਜੇ ਲਈ ਪੀਹੇ, ਅਤੇ ਪਰਾਏ ਪੁਰਖ ਉਸ ਨੂੰ ਭਰਿਸ਼ਟ ਕਰਨ !
11ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਨਿਆਂਈਆਂ ਦੁਆਰਾ ਸਜ਼ਾ ਦੇਣ ਯੋਗ ਬਦੀ ਹੁੰਦੀ !
12ਉਹ ਤਾਂ ਇੱਕ ਅੱਗ ਹੈ ਜਿਹੜੀ ਸੜਨ ਤੱਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ !
13ਜਦ ਮੇਰੇ ਦਾਸ ਜਾਂ ਦਾਸੀ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਹੋਵੇ, ਤਾਂ ਜੇਕਰ ਮੈਂ ਉਹਨਾਂ ਦਾ ਹੱਕ ਮਾਰਿਆ ਹੋਵੇ,
14ਤਾਂ ਜਦ ਪਰਮੇਸ਼ੁਰ ਉੱਠੇ ਤਦ ਮੈਂ ਕੀ ਕਰਾਂਗਾ, ਅਤੇ ਜਦ ਉਹ ਖ਼ਬਰ ਲਵੇ ਤਦ ਮੈਂ ਕੀ ਉੱਤਰ ਦੇਵਾਂਗਾ ?
15ਜਿਸ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ ?
16ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਪੂਰਾ ਨਾ ਕੀਤਾ ਹੋਵੇ, ਅਤੇ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਹੋ ਗਈਆਂ ਹੋਣ,
17ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ, ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, -
18ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਵਿਧਵਾ ਦੀ ਦੇਖਭਾਲ ਕੀਤੀ ਹੈ ।
19ਜੇ ਮੈਂ ਕਿਸੇ ਨੂੰ ਬਿਨ੍ਹਾਂ ਕੱਪੜੇ ਦੇ ਮਰਦੇ, ਜਾਂ ਕੰਗਾਲ ਨੂੰ ਬਿਨ੍ਹਾਂ ਓੜਣੇ ਦੇ ਵੇਖਿਆ ਹੋਵੇ,
20ਜੇਕਰ ਮੈਂ ਆਪਣੀਆਂ ਭੇਡਾਂ ਦੀ ਉੱਨ ਦੇ ਕੱਪੜੇ ਉਨ੍ਹਾਂ ਨੂੰ ਨਾ ਦਿੱਤੇ ਹੋਣ, ਅਤੇ ਉਸ ਦੇ ਦਿਲ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਜਦ ਉਹ ਗਰਮ ਹੋਇਆ,
21ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ,
22ਤਦ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ, ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ !
23ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸੀ ।
24ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, -
25ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ ! -
26ਜੇ ਮੈਂ ਸੂਰਜ ਨੂੰ ਵੇਖਿਆ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ,
27ਅਤੇ ਮੇਰਾ ਦਿਲ ਚੁੱਪਕੇ ਮੋਹਿਤ ਹੋ ਗਿਆ ਹੁੰਦਾ, ਅਤੇ ਉਹਨਾਂ ਨੂੰ ਸਨਮਾਨ ਦੇ ਕੇ ਮੈਂ ਆਪਣੇ ਹੱਥਾਂ ਨੂੰ ਚੁੰਮ ਲਿਆ ਹੁੰਦਾ,
28ਤਦ ਇਹ ਨਿਆਂਈਆਂ ਦੁਆਰਾ ਸਜ਼ਾ ਦੇਣ ਜੋਗ ਬਦੀ ਹੁੰਦੀ, ਕਿਉਂਕਿ ਅਜਿਹਾ ਕਰਕੇ ਮੈਂ ਸਵਰਗੀ ਪਰਮੇਸ਼ੁਰ ਦਾ ਇਨਕਾਰ ਕੀਤਾ ਹੁੰਦਾ ।
29ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਤਾਂ ਮੈਂ ਖੁਸ਼ੀ ਮਨਾਈ ਹੁੰਦੀ,
30( ਸਗੋਂ ਮੈਂ ਤਾਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ ਕਿ ਸਰਾਪ ਦੇ ਕੇ ਉਹ ਦੀ ਜਾਨ ਮੰਗਾਂ )
31ਜੇ ਮੇਰੇ ਤੰਬੂਆਂ ਵਿੱਚ ਰਹਿਣ ਵਾਲਿਆਂ ਨੇ ਨਾ ਆਖਿਆ ਹੋਵੇ, ਭਈ ਕੌਣ ਹੈ ਜਿਹੜਾ ਉਸ ਦੇ ਘਰ ਦੇ ਮਾਸ ਤੋਂ ਨਾ ਰੱਜਿਆ ਹੋਵੇ ?
32( ਪਰਦੇਸੀ ਨੂੰ ਸੜਕ ਵਿੱਚ ਰਾਤ ਕੱਟਣੀ ਨਾ ਪਈ, ਪਰ ਮੈਂ ਆਪਣੇ ਦਰਵਾਜ਼ੇ ਨੂੰ ਰਾਹੀ ਲਈ ਖੋਲ੍ਹਦਾ ਸੀ ) -
33ਜੇ ਮੈਂ ਆਦਮ ਵਾਂਗੂੰ ਆਪਣਾ ਅਪਰਾਧ ਲੁਕਾਇਆ ਹੋਵੇ, ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਲੁਕਾਈ ਹੋਵੇ,
34ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸੀ, ਨਾਲੇ ਘਰਾਣਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ ਕਿ ਮੈਂ ਚੁੱਪ ਵੱਟ ਲਈ ਅਤੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਿਆ, -
35ਕਾਸ਼ ਕਿ ਕੋਈ ਮੇਰੀ ਸੁਣਦਾ ! ਵੇਖੋ, ਮੈਂ ਆਪਣੀ ਸਫ਼ਾਈ ਪੇਸ਼ ਕੀਤੀ ਹੈ, ਹੁਣ ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ ! ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਣ ਵਾਲੇ ਦੇ ਸ਼ਿਕਾਇਤਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ !
36ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਉੱਤੇ ਚੁੱਕਦਾ, ਮੈਂ ਉਹ ਨੂੰ ਆਪਣੇ ਸਿਰ ਉੱਤੇ ਪਗੜੀ ਵਾਂਗੂੰ ਬੰਨ੍ਹਦਾ,
37ਮੈਂ ਉਹ ਨੂੰ ਆਪਣੇ ਕਦਮਾਂ ਦਾ ਹਿਸਾਬ ਦਿੰਦਾ, ਮੈਂ ਉਹ ਦੇ ਅੱਗੇ ਇਸ ਤਰ੍ਹਾਂ ਪੇਸ਼ ਹੁੰਦਾ ਜਿਵੇਂ ਹਾਕਮ ਦੇ ਅੱਗੇ ।
38ਜੇ ਮੇਰੀ ਜ਼ਮੀਨ ਨੇ ਮੇਰੇ ਵਿਰੁੱਧ ਦੁਹਾਈ ਦਿੱਤੀ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਰੋਏ ਹੋਣ,
39ਜੇ ਮੈਂ ਆਪਣੀ ਜ਼ਮੀਨ ਦੀ ਉਪਜ ਨੂੰ ਬਿਨ੍ਹਾਂ ਮਜ਼ਦੂਰੀ ਦਿੱਤੇ ਖਾਧਾ ਹੋਵੇ, ਜਾਂ ਉਹ ਦੇ ਮਾਲਕਾਂ ਦੀ ਜਾਨ ਲਈ ਹੋਵੇ,
40ਤਦ ਕਣਕ ਦੀ ਥਾਂ ਝਾੜੀਆਂ, ਅਤੇ ਜੌ ਦੀ ਥਾਂ ਜੰਗਲੀ ਘਾਹ ਉੱਗੇ ।" ਅਯੂੱਬ ਦੀਆਂ ਗੱਲਾਂ ਸਮਾਪਤ ਹੋਈਆਂ ।