Bible 2 India Mobile
[VER] : [PUNJABI]     [PL]  [PB] 
 <<  Job 24 >> 

1ਸਰਬ ਸ਼ਕਤੀਮਾਨ ਨੇ ਨਿਆਂ ਦੇ ਸਮੇਂ ਕਿਉਂ ਨਹੀਂ ਠਹਿਰਾਏ, ਅਤੇ ਜਿਹੜੇ ਉਸ ਨੂੰ ਜਾਣਦੇ ਹਨ, ਉਹ ਉਸ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ ?

2ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ ।

3ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ ।

4ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ ।

5ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ । ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ ।

6ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗਾਂ ਦੀ ਰਹਿੰਦ-ਖੁਹੰਦ ਚੁਗਦੇ ਹਨ ।

7ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਪਾਲੇ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ ।

8ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ ।

9ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ,

10ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ ।

11ਉਹ ਉਹਨਾਂ ਦੀਆਂ ਕੰਧਾਂ ਦੇ ਅੰਦਰ ਤੇਲ ਕੱਢਦੇ ਹਨ, ਉਹ ਉਹਨਾਂ ਦੀਆਂ ਹੌਦਾਂ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ ।

12ਸ਼ਹਿਰ ਵਿੱਚ ਲੋਕ ਹਾਉਂਕੇ ਭਰਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਜ਼ੁਲਮ ਦਾ ਹਿਸਾਬ ਨਹੀਂ ਕਰਦਾ !

13ਇਹ ਉਹ ਹਨ ਜਿਹੜੇ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ ।

14ਖ਼ੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤ ਨੂੰ ਉਹ ਚੋਰ ਬਣ ਜਾਂਦਾ ਹੈ ।

15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਮੈਨੂੰ ਨਹੀਂ ਵੇਖੇਗਾ ! ਅਤੇ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਹੈ ।

16ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ,

17ਕਿਉਂ ਜੋ ਸਵੇਰ ਉਹਨਾਂ ਸਾਰਿਆਂ ਲਈ ਮੌਤ ਦੇ ਸਾਯੇ ਵਰਗੀ ਹੈ, ਉਹ ਤਾਂ ਮੌਤ ਦੇ ਸਾਯੇ ਦੇ ਭੈ ਨਾਲ ਮਿੱਤਰਤਾ ਰੱਖਦੇ ਹਨ ।

18ਉਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣੇ ਅੰਗੂਰੀ ਬਾਗ਼ਾਂ ਦੇ ਰਾਹ ਵੱਲ ਨਹੀਂ ਮੁੜਦੇ ।

19ਖ਼ੁਸ਼ਕੀ ਅਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਤਿਵੇਂ ਪਤਾਲ ਪਾਪੀਆਂ ਨੂੰ ਵੀ ਸੁਕਾ ਦਿੰਦਾ ਹੈ ।

20ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਇਸ ਤਰ੍ਹਾਂ ਬਦੀ ਰੁੱਖ ਵਾਂਗੂੰ ਤੋੜੀ ਜਾਵੇਗੀ ।

21ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਲੁੱਟ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ ।

22ਪਰ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਖਿੱਚ ਲੈਂਦਾ ਹੈ, ਭਾਵੇਂ ਉਹ ਸਥਿਰ ਹੋ ਜਾਵੇ ਤਾਂ ਵੀ ਉਸਨੂੰ ਜੀਵਨ ਦੀ ਆਸ ਨਹੀਂ ਰਹਿੰਦੀ ।

23ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ ।

24ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗੂੰ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆਂ ਵਾਂਗੂੰ ਵੱਢੇ ਜਾਂਦੇ ਹਨ !

25ਜੇ ਇਹ ਇਸੇ ਤਰ੍ਹਾਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਿਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ ?"


  Share Facebook  |  Share Twitter

 <<  Job 24 >> 


Bible2india.com
© 2010-2025
Help
Dual Panel

Laporan Masalah/Saran