Bible 2 India Mobile
[VER] : [PUNJABI]     [PL]  [PB] 
 <<  Job 20 >> 

1ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ,

2"ਮੇਰੀਆਂ ਬੈਚੈਨ ਸੋਚਾਂ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੀਆਂ ਹਨ ।

3ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਆਪਣੀ ਸਮਝ ਅਨੁਸਾਰ ਮੈਨੂੰ ਉੱਤਰ ਦਿੰਦਾ ਹੈ ।

4ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ,

5ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ ?

6ਜੇ ਉਹ ਦੀ ਉਚਿਆਈ ਅਕਾਸ਼ ਤੱਕ ਵੀ ਪਹੁੰਚੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ,

7ਤਾਂ ਵੀ ਉਹ ਆਪਣੇ ਬਿਸ਼ਟੇ ਵਾਂਗੂੰ ਸਦਾ ਲਈ ਨਾਸ ਹੋ ਜਾਵੇਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ ?

8ਉਹ ਸੁਫ਼ਨੇ ਵਾਂਗੂੰ ਉੱਡ ਜਾਵੇਗਾ, ਅਤੇ ਨਾ ਲੱਭੇਗਾ ਅਤੇ ਰਾਤ ਨੂੰ ਵੇਖੇ ਦਰਸ਼ਣ ਵਾਂਗੂੰ ਨਾ ਰਹੇਗਾ ।

9ਜਿਹੜੀ ਅੱਖ ਨੇ ਉਸ ਨੂੰ ਵੇਖਿਆ ਉਹ ਫੇਰ ਨਹੀਂ ਵੇਖੇਗੀ, ਅਤੇ ਉਸ ਦੇ ਥਾਂ ਤੇ ਉਸ ਦਾ ਕੁਝ ਪਤਾ ਨਾ ਰਹੇਗਾ,

10ਉਹ ਦੇ ਬੱਚੇ ਕੰਗਾਲਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਹੀ ਹੱਥ ਉਹ ਦਾ ਮਾਲ-ਧਨ ਮੋੜਨਗੇ ।

11ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ ।

12ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲੱਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,

13ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਕੇ ਰੱਖੇ,

14ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਪਲਟ ਜਾਂਦੀ ਹੈ, ਉਹ ਉਸ ਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦੀ ਹੈ ।

15ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ ।

16ਉਹ ਨਾਗਾਂ ਦਾ ਵਿਸ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸੁੱਟੇਗਾ !

17ਉਹ ਨਦੀਆਂ ਨੂੰ ਨਾ ਵੇਖੇਗਾ ਅਰਥਾਤ ਸ਼ਹਿਦ ਅਤੇ ਦਹੀਂ ਦੀਆਂ ਵਗਦੀਆਂ ਨਦੀਆਂ ਨੂੰ ।

18ਉਹ ਆਪਣੀ ਕਸ਼ਟ ਨਾਲ ਕੀਤੀ ਹੋਈ ਕਮਾਈ ਨੂੰ ਮੋੜ ਦੇਵੇਗਾ ਪਰ ਆਪ ਉਸ ਨੂੰ ਨਹੀਂ ਨਿਗਲੇਗਾ, ਉਹ ਆਪਣੇ ਲੈਣ-ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ,

19ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ ।

20ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ ।

21ਕੋਈ ਵੀ ਚੀਜ਼ ਉਸ ਦੇ ਨਿਗਲਣ ਤੋਂ ਬਾਕੀ ਨਾ ਬਚੀ, ਇਸ ਕਾਰਨ ਉਹ ਦੀ ਖੁਸ਼ਹਾਲੀ ਬਣੀ ਨਾ ਰਹੇਗੀ ।

22ਉਹ ਆਪਣੀ ਭਰਪੂਰੀ ਦੀ ਬਹੁਤਾਇਤ ਵਿੱਚ ਵੀ ਲੋੜਵੰਦ ਰਹੇਗਾ, ਤਦ ਹਰੇਕ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਵੇਗਾ ।

23ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ ।

24ਉਹ ਲੋਹੇ ਦੇ ਹਥਿਆਰ ਤੋਂ ਭੱਜੇਗਾ ਅਤੇ ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸੁੱਟੇਗਾ,

25ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਤਦ ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਵਿੱਚੋਂ ਨਿੱਕਲੇਗੀ, ਅਤੇ ਖੌਫ਼ ਉਸ ਦੇ ਉੱਤੇ ਆ ਪਵੇਗਾ ।

26ਉਸ ਦੇ ਖ਼ਜ਼ਾਨਿਆਂ ਉੱਤੇ ਘੁੱਪ ਹਨੇਰਾ ਛਾ ਜਾਵੇਗਾ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁਝ ਉਹ ਦੇ ਤੰਬੂ ਵਿੱਚ ਬਾਕੀ ਹੈ, ਉਸ ਨੂੰ ਵੀ ਭਸਮ ਕਰ ਦੇਵੇਗੀ !

27ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ ।

28ਉਹ ਦੇ ਘਰ ਦਾ ਮਾਲ ਰੁੜ੍ਹ ਜਾਵੇਗਾ, ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਵੇਗਾ,

29ਪਰਮੇਸ਼ੁਰ ਵੱਲੋਂ ਦੁਸ਼ਟ ਮਨੁੱਖ ਦਾ ਇਹੋ ਹੀ ਹਿੱਸਾ ਹੈ, ਇਹ ਪਰਮੇਸ਼ੁਰ ਵੱਲੋਂ ਉਹ ਦੇ ਲਈ ਮੁਕੱਰਰ ਕੀਤੀ ਹੋਈ ਮਿਰਾਸ ਹੈ !"


  Share Facebook  |  Share Twitter

 <<  Job 20 >> 


Bible2india.com
© 2010-2025
Help
Dual Panel

Laporan Masalah/Saran