Bible 2 India Mobile
[VER] : [PUNJABI]     [PL]  [PB] 
 <<  Job 2 >> 

1ਅਜਿਹਾ ਹੋਇਆ ਕਿ ਇੱਕ ਦਿਨ ਫਿਰ ਪਰਮੇਸ਼ੁਰ ਦੇ ਪੁੱਤਰ ਆਏ ਕਿ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ਕਿ ਉਹ ਵੀ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰੇ ।

2ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਤੂੰ ਕਿੱਥੋਂ ਆਇਆ ਹੈ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਹ ਦੇ ਵਿੱਚ ਇੱਧਰ-ਉੱਧਰ ਘੁੰਮਦਾ ਆਇਆ ਹਾਂ ।"

3ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿਉਂ ਜੋ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ । ਉਹ ਖਰਾ ਅਤੇ ਨੇਕ ਮਨੁੱਖ ਹੈ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ਭਾਵੇਂ ਤੂੰ ਮੈਨੂੰ ਉਕਸਾਇਆ ਕਿ ਮੈਂ ਬਿਨ੍ਹਾਂ ਕਾਰਨ ਉਸ ਨੂੰ ਨਾਸ ਕਰਾਂ, ਪਰ ਫਿਰ ਵੀ ਅੱਜ ਤੱਕ ਉਹ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ।"

4ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਖੱਲ ਦੇ ਬਦਲੇ ਖੱਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੀ ਜਾਨ ਦੇ ਬਦਲੇ ਦੇ ਦੇਵੇਗਾ ।

5ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।"

6ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀਂ ।"

7ਤਦ ਸ਼ੈਤਾਨ ਯਹੋਵਾਹ ਦੇ ਅੱਗੋਂ ਚਲਿਆ ਗਿਆ ਅਤੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ ।

8ਤਦ ਅੱਯੂਬ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹ ਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ ।

9ਉਸ ਦੀ ਪਤਨੀ ਨੇ ਉਸ ਨੂੰ ਆਖਿਆ, "ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ !"

10ਪਰ ਉਸ ਨੇ ਉਹ ਨੂੰ ਆਖਿਆ, "ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ ?" ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ ।

11ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਅਰਥਾਤ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਨੇ ਇਹ ਸਾਰੀ ਬਿਪਤਾ ਦੀ ਖ਼ਬਰ ਸੁਣੀ, ਜਿਹੜੀ ਉਹ ਦੇ ਉੱਤੇ ਆ ਪਈ ਸੀ, ਤਦ ਉਹ ਆਪਸ ਵਿੱਚ ਸਲਾਹ ਕਰਕੇ ਆਪੋ ਆਪਣੇ ਥਾਂ ਤੋਂ ਚੱਲੇ ਅਤੇ ਇਕੱਠੇ ਹੋਏ ਕਿ ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ ।

12ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਉਸ ਨੂੰ ਨਾ ਪਛਾਣ ਸਕੇ, ਤਦ ਉਹ ਉੱਚੀ-ਉੱਚੀ ਰੋਣ ਲੱਗ ਪਏ ਅਤੇ ਆਪਣੇ-ਆਪਣੇ ਕੱਪੜੇ ਪਾੜ ਲਏ ਅਤੇ ਅਕਾਸ਼ ਵੱਲ ਉਡਾ ਦੇ ਆਪਣੇ ਸਿਰਾਂ ਉੱਤੇ ਸੁਆਹ ਪਾਈ ।

13ਉਹ ਸੱਤ ਦਿਨ ਅਤੇ ਸੱਤ ਰਾਤ ਜ਼ਮੀਨ ਉੱਤੇ ਉਸ ਦੇ ਨਾਲ ਬੈਠੇ ਰਹੇ, ਪਰ ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹ ਦੀ ਪੀੜ ਡਾਢੀ ਸੀ ।


  Share Facebook  |  Share Twitter

 <<  Job 2 >> 


Bible2india.com
© 2010-2025
Help
Dual Panel

Laporan Masalah/Saran