Bible 2 India Mobile
[VER] : [PUNJABI]     [PL]  [PB] 
 <<  Job 14 >> 

1ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ ।

2ਉਹ ਫੁੱਲ ਵਾਂਗੂੰ ਖਿੜਦਾ, ਫੇਰ ਤੋੜਿਆ ਜਾਂਦਾ ਹੈ, ਉਹ ਪਰਛਾਵੇ ਵਾਂਗੂੰ ਢਲ ਜਾਂਦਾ ਅਤੇ ਠਹਿਰਦਾ ਨਹੀਂ ।

3ਕੀ ਤੂੰ ਅਜਿਹੇ ਉੱਤੇ ਆਪਣੀਆਂ ਅੱਖਾਂ ਲਾਉਂਦਾ ਹੈਂ, ਅਤੇ ਮੈਨੂੰ ਆਪਣੇ ਨਾਲ ਅਦਾਲਤ ਵਿੱਚ ਲਿਆਉਂਦਾ ਹੈਂ ?

4ਕੌਣ ਅਸ਼ੁੱਧ ਵਿੱਚੋਂ ਸ਼ੁੱਧ ਵਸਤੂ ਕੱਢ ਸਕਦਾ ਹੈ ? ਕੋਈ ਨਹੀਂ ।

5ਮਨੁੱਖ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨਿਆਂ ਦੀ ਗਿਣਤੀ ਤੂੰ ਕੀਤੀ ਹੋਈ ਹੈ, ਤੂੰ ਉਹ ਦੀਆਂ ਹੱਦਾਂ ਨੂੰ ਬਣਾਇਆ ਜਿਸ ਨੂੰ ਉਹ ਪਾਰ ਨਹੀਂ ਕਰ ਸਕਦਾ ।

6ਉਹ ਦੇ ਵੱਲੋਂ ਆਪਣੀ ਨਿਗਾਹ ਹਟਾ ਲੈ, ਤਾਂ ਜੋ ਉਹ ਅਰਾਮ ਕਰੇ, ਜਦ ਤੱਕ ਉਹ ਮਜ਼ਦੂਰ ਵਾਂਗੂੰ ਆਪਣੇ ਦਿਨ ਪੂਰੇ ਨਾ ਕਰ ਲਵੇ ।

7ਰੁੱਖ ਲਈ ਤਾਂ ਆਸ ਹੈ, ਕਿ ਜੇ ਉਹ ਕੱਟਿਆ ਜਾਵੇ ਤਾਂ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ ।

8ਭਾਵੇਂ ਉਸ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਸ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ

9ਤਾਂ ਵੀ ਪਾਣੀ ਦੀ ਖੁਸ਼ਬੂ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਗੂੰ ਉਹ ਦੀਆਂ ਟਹਿਣੀਆਂ ਨਿੱਕਲਣਗੀਆਂ ।

10ਪਰ ਮਨੁੱਖ ਮਰ ਜਾਂਦਾ ਅਤੇ ਦੱਬਿਆ ਜਾਂਦਾ ਹੈ, ਅਤੇ ਜਦ ਮਨੁੱਖ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਕਿੱਥੇ ਹੈ ?

11ਜਿਵੇਂ ਪਾਣੀ ਸਮੁੰਦਰ ਵਿੱਚੋਂ ਘੱਟ ਜਾਂਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ,

12ਤਿਵੇਂ ਮਨੁੱਖ ਲੇਟਦਾ ਅਤੇ ਫਿਰ ਉੱਠਦਾ ਨਹੀਂ, ਜਦੋਂ ਤੱਕ ਅਕਾਸ਼ ਟਲ ਨਾ ਜਾਣ, ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ ।

13ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛੁਪਾ ਰੱਖੇਂ ਜਦ ਤੱਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਯਾਦ ਕਰੇਂ !

14ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ ।

15ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ ।

16ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈਂ, ਕੀ ਤੂੰ ਮੇਰੇ ਪਾਪ ਉੱਤੇ ਨਜ਼ਰ ਨਹੀਂ ਰੱਖਦਾ ?

17ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ ।

18ਪਰ ਪਹਾੜ ਡਿੱਗਦਾ-ਡਿੱਗਦਾ ਘਸ ਜਾਂਦਾ ਅਤੇ ਚੱਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ,

19ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਤੂੰ ਮਨੁੱਖ ਦੀ ਆਸ ਨੂੰ ਮਿਟਾ ਦਿੰਦਾ ਹੈਂ ।

20ਤੂੰ ਹਮੇਸ਼ਾਂ ਉਸ ਉੱਤੇ ਪਰਬਲ ਹੁੰਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈਂ !

21ਉਹ ਦੇ ਪੁੱਤਰ ਸਨਮਾਨ ਪ੍ਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਨਹੀਂ ਸਮਝਦਾ

22ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ ।"


  Share Facebook  |  Share Twitter

 <<  Job 14 >> 


Bible2india.com
© 2010-2025
Help
Dual Panel

Laporan Masalah/Saran