1ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2"ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਕਿ ਜਦ ਤੁਸੀਂ ਮਰੋਗੇ ਤਾਂ ਤੁਹਾਡੇ ਨਾਲ ਬੁੱਧੀ ਮਰ ਜਾਵੇਗੀ !
3ਤੁਹਾਡੇ ਵਾਂਗੂੰ ਮੈਨੂੰ ਵੀ ਸਮਝ ਹੈ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ, ਅਤੇ ਕੌਣ ਹੈ ਜੋ ਅਜਿਹੀਆਂ ਗੱਲਾਂ ਨਹੀਂ ਜਾਣਦਾ ?
4ਮੈਂ ਆਪਣੇ ਮਿੱਤਰਾਂ ਲਈ ਹਾਸੀ ਦਾ ਕਾਰਨ ਹਾਂ, ਮੈਂ ਜਿਹੜਾ ਪਰਮੇਸ਼ੁਰ ਨੂੰ ਪੁਕਾਰਦਾ ਸੀ ਅਤੇ ਉਹ ਉੱਤਰ ਦਿੰਦਾ ਸੀ, ਮੈਂ ਜੋ ਧਰਮੀ ਅਤੇ ਖਰਾ ਮਨੁੱਖ ਸੀ, ਹੁਣ ਹਾਸੀ ਦਾ ਕਾਰਨ ਬਣ ਗਿਆ ਹਾਂ ।
5ਦੁਖੀ ਲੋਕ ਤਾਂ ਸੁਖੀ ਲੋਕਾਂ ਦੀ ਨਜ਼ਰ ਵਿੱਚ ਤੁੱਛ ਹਨ, ਜਿਹਨਾਂ ਦੇ ਪੈਰ ਤਿਲਕਦੇ ਹਨ ਉਹਨਾਂ ਦਾ ਅਪਮਾਨ ਹੁੰਦਾ ਹੈ ।
6ਲੁਟੇਰਿਆਂ ਦੇ ਤੰਬੂ ਸੁੱਖ-ਸਾਂਦ ਨਾਲ ਰਹਿੰਦੇ ਹਨ, ਅਤੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਵਾਲੇ ਸਲਾਮਤ ਰਹਿੰਦੇ ਹਨ, ਅਰਥਾਤ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਹੱਥ ਵਿੱਚ ਰਹਿੰਦਾ ਹੈ ।
7ਪਰੰਤੂ ਪਸ਼ੂਆਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਉਹ ਤੈਨੂੰ ਦੱਸਣਗੇ,
8ਜਾਂ ਧਰਤੀ ਉੱਤੇ ਧਿਆਨ ਦੇ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਵਰਣਨ ਕਰਨਗੀਆਂ !
9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ, ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ ?
10ਜਿਸ ਦੇ ਹੱਥ ਵਿੱਚ ਹਰੇਕ ਜੀਉਂਦੇ ਦੇ ਪ੍ਰਾਣ ਹਨ, ਅਤੇ ਹਰੇਕ ਮਨੁੱਖ ਦਾ ਆਤਮਾ ਵੀ ।
11ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਸਕਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ ?
12ਬਜ਼ੁਰਗਾਂ ਵਿੱਚ ਬੁੱਧੀ ਹੁੰਦੀ ਹੈ, ਅਤੇ ਲੰਮੀ ਉਮਰ ਵਾਲਿਆਂ ਵਿੱਚ ਸਮਝ ਹੈ ।
13ਪਰਮੇਸ਼ੁਰ ਦੇ ਨਾਲ ਬੁੱਧ ਅਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਅਤੇ ਸਮਝ ਹੈ ।
14ਵੇਖੋ, ਜੋ ਉਹ ਢਾਹ ਸੁੱਟਦਾ, ਉਸ ਨੂੰ ਬਣਾਇਆ ਨਹੀਂ ਜਾ ਸਕਦਾ, ਜਿਸ ਮਨੁੱਖ ਉੱਤੇ ਉਹ ਬੰਧਨ ਪਾਉਂਦਾ ਹੈ, ਉਹ ਖੁੱਲ੍ਹ ਨਹੀਂ ਸਕਦਾ ।
15ਵੇਖੋ, ਜਦ ਉਹ ਮੀਂਹ ਨੂੰ ਰੋਕ ਲੈਂਦਾ ਹੈ ਤਾਂ ਸੋਕਾ ਪੈ ਜਾਂਦਾ ਹੈ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਉਹ ਧਰਤੀ ਉਲੱਦ ਦਿੰਦੇ ਹਨ ।
16ਉਹ ਦੇ ਨਾਲ ਸ਼ਕਤੀ ਅਤੇ ਸਮਝ ਹੈ, ਧੋਖਾ ਦੇਣ ਵਾਲਾ ਅਤੇ ਧੋਖਾ ਖਾਣ ਵਾਲਾ ਉਹ ਦੇ ਹਨ ।
17ਜੋ ਦਰਬਾਰੀਆਂ ਨੂੰ ਨੰਗੇ ਪੈਰੀ ਤੁਰਾਉਂਦਾ ਹੈ, ਅਤੇ ਨਿਆਂਈਆਂ ਨੂੰ ਮੂਰਖ ਬਣਾ ਦਿੰਦਾ ਹੈ ।
18ਉਹ ਰਾਜਿਆਂ ਦੇ ਪਾਏ ਹੋਏ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਉਨ੍ਹਾਂ ਦੇ ਲੱਕਾਂ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ ।
19ਉਹ ਜਾਜਕਾਂ ਨੂੰ ਨੰਗੇ ਪੈਰੀ ਗੁਲਾਮੀ ਵਿੱਚ ਲੈ ਜਾਂਦਾ ਹੈ, ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ ।
20ਉਹ ਵਫ਼ਾਦਾਰ ਦੇ ਮੂੰਹ ਬੰਦ ਕਰ ਦਿੰਦਾ, ਅਤੇ ਬੁਜ਼ਰਗਾਂ ਦਾ ਬਿਬੇਕ ਲੈ ਲੈਂਦਾ ਹੈ ।
21ਉਹ ਪਤਵੰਤਾਂ ਨੂੰ ਅਪਮਾਨ ਨਾਲ ਭਰ ਦਿੰਦਾ, ਅਤੇ ਜ਼ੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ ਹੈ ।
22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ ਆਉਂਦਾ ਹੈ ।
23ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ,
24ਉਹ ਦੇਸ ਦੇ ਲੋਕਾਂ ਦੇ ਮੁਖੀਆਂ ਦੀ ਸਮਝ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਨੇ ਥਾਵਾਂ ਵਿੱਚ ਭਟਕਾਉਂਦਾ ਹੈ, ਜਿੱਥੇ ਕੋਈ ਰਾਹ ਨਹੀਂ ।
25ਉਹ ਹਨੇਰੇ ਵਿੱਚ ਬਿਨ੍ਹਾਂ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ !