Bible 2 India Mobile
[VER] : [PUNJABI]     [PL]  [PB] 
 <<  Job 1 >> 

1ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ ।

2ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ ।

3ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ ।

4ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ ।

5ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਪੁੱਤਰਾਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ । ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ ।

6ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਪੁੱਤਰ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ।

7ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ ।"

8ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ।"

9ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ ।

10ਕੀ ਤੂੰ ਉਸ ਦੇ ਅਤੇ ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਦੁਆਲੇ ਵਾੜ ਨਹੀਂ ਲਗਾਈ ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ ।

11ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।"

12ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ । ਸਿਰਫ਼ ਉਸ ਨੂੰ ਹੱਥ ਨਾ ਲਾਵੀਂ ।" ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ ।

13ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ ।

14ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, "ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ ।

15ਸ਼ਭਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਕੇ ਨਿਕਲਿਆ ਹਾਂ, ਜੋ ਤੈਨੂੰ ਦੱਸਾਂ ।"

16ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, "ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ । ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।"

17ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, "ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ ।"

18ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, "ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ,

19ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।"

20ਤਦ ਅੱਯੂਬ ਉੱਠਿਆ, ਉਸ ਨੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ।

21ਅਤੇ ਆਖਿਆ, "ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਓਧਰ ਨੂੰ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਹੀ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ ।"

22ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਮੂਰਖਤਾ ਨਾਲ ਦੋਸ਼ ਲਾਇਆ ।


  Share Facebook  |  Share Twitter

 <<  Job 1 >> 


Bible2india.com
© 2010-2025
Help
Dual Panel

Laporan Masalah/Saran