Bible 2 India Mobile
[VER] : [PUNJABI]     [PL]  [PB] 
 <<  Proverbs 7 >> 

1ਹੇ ਮੇਰੇ ਪੁੱਤਰ, ਤੂੰ ਮੇਰੇ ਆਖੇ ਲੱਗ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ ।

2ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹਿ, ਅਤੇ ਮੇਰੀ ਸਿੱਖਿਆ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ ।

3ਉਹਨਾਂ ਨੂੰ ਆਪਣੀਆਂ ਉਂਗਲਾਂ ਉੱਤੇ ਬੰਨ੍ਹ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ ਲੈ ।

4ਬੁੱਧ ਨੂੰ ਆਖ, ਤੂੰ ਮੇਰੀ ਭੈਣ ਹੈਂ, ਅਤੇ ਸਮਝ ਨੂੰ ਆਪਣੀ ਆਖ, ਤੂੰ ਮੇਰੀ ਸਾਥਣ ਹੈਂ,

5ਤਾਂ ਜੋ ਉਹ ਤੈਨੂੰ ਪਰਾਈ ਔਰਤ ਤੋਂ ਬਚਾਈ ਰੱਖਣ, ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ ।

6ਮੈਂ ਆਪਣੇ ਘਰ ਦੀ ਖਿੜਕੀ ਦੇ ਵਿੱਚੋਂ ਦੀ ਵੇਖਿਆ,

7ਤਾਂ ਮੈਂ ਭੋਲਿਆਂ ਵਿੱਚੋਂ, ਇੱਕ ਨਿਰਬੁੱਧ ਗੱਭਰੂ ਜੁਆਨ ਵੇਖਿਆ,

8ਉਹ ਉਸ ਔਰਤ ਦੇ ਘਰ ਦੀ ਨੁੱਕਰ ਦੇ ਨੇੜ੍ਹੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ, ਅਤੇ ਉਸ ਨੇ ਉਹ ਦੇ ਘਰ ਦਾ ਰਾਹ ਫੜ੍ਹਿਆ,

9ਦਿਨ ਢਲੇ, ਸ਼ਾਮ ਦੇ ਵੇਲੇ, ਅਤੇ ਕਾਲੀ ਰਾਤ ਦੇ ਹਨੇਰੇ ਵਿੱਚ ।

10ਤਾਂ ਵੇਖੋ, ਇੱਕ ਔਰਤ ਉਸ ਨੂੰ ਆ ਮਿਲੀ, ਜਿਸਦਾ ਭੇਸ ਕੰਜਰੀ ਦੇ ਭੇਸ ਜਿਹਾ ਸੀ ਅਤੇ ਉਹ ਮਨ ਮੋਹਣੀ ਸੀ ।

11ਉਹ ਬੜਬੋਲੀ ਅਤੇ ਮਨ-ਮਤਣੀ ਹੈ, ਉਹ ਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ ।

12ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ ।

13ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ,

14ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ ।

15ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ ।

16ਮੈਂ ਆਪਣੀ ਸੇਜ ਉੱਤੇ ਪਲੰਗ ਪੋਸ਼, ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛੁਉਣੇ ਵਿਛਾਏ:

17ਮੈਂ ਆਪਣੇ ਵਿਛਾਉਣੇ ਉੱਤੇ ਗੰਧਰਸ ਅਤੇ ਅਗਰ ਅਤੇ ਦਾਲਚੀਨੀ ਛਿੜਕੀ ਹੈ ।

18ਆ ਅਸੀਂ ਸਵੇਰ ਤੱਕ ਪ੍ਰੇਮ ਨਾਲ ਰੱਤੇ ਜਾਈਏ, ਲਾਡ ਪਿਆਰ ਨਾਲ ਅਸੀਂ ਜੀ ਬਹਿਲਾਈਏ,

19ਕਿਉਂ ਜੋ ਮੇਰਾ ਪਤੀ ਘਰ ਵਿੱਚ ਨਹੀਂ ਹੈ, ਉਹ ਦੂਰ ਦੇਸ਼ ਦੇ ਸਫ਼ਰ ਤੇ ਗਿਆ ਹੋਇਆ ਹੈ ।

20ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ, ਅਤੇ ਪੂਰਨਮਾਸੀ ਨੂੰ ਘਰ ਆਵੇਗਾ ।

21ਉਹ ਨੇ ਆਪਣੀਆਂ ਬਾਹਲੀਆਂ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫ਼ੁਸਲਾ ਲਿਆ, ਅਤੇ ਆਪਣੇ ਬੁੱਲਾਂ ਦੇ ਲੱਲੋ-ਪੱਤੋ ਨਾਲ ਧੱਕੋ ਧੱਕੀ ਉਹ ਨੂੰ ਲੈ ਗਈ ।

22ਉਹ ਝੱਟ ਉਹ ਦੇ ਮਗਰ ਹੋ ਤੁਰਿਆ, ਜਿਵੇਂ ਬਲਦ ਵੱਢੇ ਜਾਣ ਲਈ, ਜਾਂ ਬੇੜੀਆਂ ਵਿੱਚ ਕੋਈ ਮੂਰਖ ਸਜ਼ਾ ਲਈ ਜਾਵੇ,

23ਜਦ ਤੱਕ ਤੀਰ ਉਹ ਦੇ ਕਲੇਜੇ ਨੂੰ ਨਾ ਵਿੰਨੇ, ਜਿਵੇਂ ਪੰਛੀ ਫਾਹੀ ਵੱਲ ਨੂੰ ਛੇਤੀ ਨਾਲ ਜਾਵੇ, ਅਤੇ ਨਹੀਂ ਜਾਣਦਾ ਭਈ ਇਹ ਉਹ ਉਸ ਦੀ ਜਾਨ ਲੈਣ ਲਈ ਹੈ ।

24ਹੁਣ ਹੇ ਮੇਰੇ ਪੁੱਤਰੋ, ਤੁਸੀਂ ਮੇਰੀ ਸੁਣੋ, ਅਤੇ ਮੇਰੇ ਮੂੰਹ ਦੇ ਬਚਨਾਂ ਉੱਤੇ ਧਿਆਨ ਲਾਓ ।

25ਉਹ ਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ, ਤੂੰ ਉਹ ਦੇ ਮਾਰਗਾਂ ਵਿੱਚ ਨਾ ਭਟਕਦਾ ਫਿਰੀਂ,

26ਕਿਉਂ ਜੋ ਉਹ ਨੇ ਬਹੁਤਿਆਂ ਨੂੰ ਜ਼ਖ਼ਮੀ ਕਰਕੇ ਡੇਗ ਦਿੱਤਾ ਹੈ, ਅਤੇ ਉਹ ਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ !

27ਉਹ ਦਾ ਘਰ ਪਤਾਲ ਦਾ ਰਾਹ ਹੈ, ਜਿਹੜਾ ਮੌਤ ਦੀਆਂ ਕੋਠੜੀਆਂ ਵੱਲ ਲੈ ਜਾਂਦਾ ਹੈ ।


  Share Facebook  |  Share Twitter

 <<  Proverbs 7 >> 


Bible2india.com
© 2010-2025
Help
Dual Panel

Laporan Masalah/Saran