1ਹੇ ਮੇਰੇ ਪੁੱਤਰੋ, ਤੁਸੀਂ ਪਿਤਾ ਦਾ ਉਪਦੇਸ਼ ਸੁਣੋ ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ,
2ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਸਿੱਖਿਆ ਨੂੰ ਨਾ ਛੱਡੋ ।
3ਜਦ ਮੈਂ ਆਪਣੇ ਪਿਤਾ ਦਾ ਪੁੱਤਰ ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸੀ,
4ਤਦ ਉਸ ਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜ੍ਹੀ ਰੱਖੇ, ਤੂੰ ਮੇਰੇ ਹੁਕਮਾਂ ਨੂੰ ਮੰਨ, ਤਾਂ ਤੂੰ ਜੀਵੇਂਗਾ ।
5ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਬਚਨਾਂ ਨੂੰ ਨਾ ਭੁਲਾਈਂ ਅਤੇ ਨਾ ਉਨ੍ਹਾਂ ਤੋਂ ਮੁੜੀਂ ।
6ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਖਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ ।
7ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੇ ਸਾਰੇ ਜਤਨ ਨਾਲ ਸਮਝ ਨੂੰ ਪ੍ਰਾਪਤ ਕਰ ।
8ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ ।
9ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ ।
10ਹੇ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਨੂੰ ਮੰਨ, ਤਾਂ ਤੇਰੀ ਉਮਰ ਬਹੁਤ ਲੰਮੀ ਹੋਵੇਗੀ ।
11ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ ।
12ਜਦ ਤੂੰ ਤੁਰੇਂਗਾ ਤਾਂ ਤੇਰੇ ਰਾਹਾਂ ਵਿੱਚ ਕੋਈ ਰੁਕਾਵਟ ਨਾ ਹੋਵੇਗੀ ਅਤੇ ਜੇ ਤੂੰ ਭੱਜੇਂ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ ।
13ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਉਹੋ ਤੇਰਾ ਜੀਵਨ ਹੈ !
14ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ ।
15ਉਸ ਤੋਂ ਦੂਰ ਰਹਿ, ਉਹ ਦੇ ਕੋਲੋਂ ਦੀ ਵੀ ਨਾ ਲੰਘੀਂ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ,
16ਕਿਉਂ ਜੋ ਜਦੋਂ ਤੱਕ ਉਹ ਬੁਰਿਆਈ ਨਾ ਕਰ ਲੈਣ, ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਜਦ ਤੱਕ ਉਹ ਕਿਸੇ ਦੇ ਲਈ ਠੋਕਰ ਦਾ ਕਾਰਨ ਨਾ ਬਣਨ, ਉਹ ਉਣੀਂਦਰੇ ਰਹਿੰਦੇ ਹਨ ।
17ਉਹ ਬੁਰਿਆਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮਧ ਪੀਂਦੇ ਹਨ ।
18ਪਰ ਧਰਮੀਆ ਦਾ ਰਾਹ ਫ਼ਜ਼ਰ ਦੇ ਚਾਨਣ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ ।
19ਦੁਸ਼ਟਾਂ ਦਾ ਰਾਹ ਘੁੱਪ ਹਨੇਰ ਵਰਗਾ ਹੈ, ਉਹ ਜਾਣਦੇ ਵੀ ਨਹੀਂ ਕੀ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ ।
20ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਬਚਨਾਂ ਉੱਤੇ ਕੰਨ ਲਾ ।
21ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸੰਭਾਲ ਕੇ ਰੱਖ ।
22ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਦੇ ਲਈ ਜੀਵਨ ਅਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਹਨ ।
23ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਵਨ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ !
24ਪੁੱਠੀਆਂ ਗੱਲਾਂ ਆਪਣੇ ਮੂੰਹ ਤੋਂ ਅਤੇ ਟੇਢੀ ਬੋਲੀ ਆਪਣੇ ਬੁੱਲ੍ਹਾਂ ਤੋਂ ਦੂਰ ਰੱਖ ।
25ਤੇਰੀਆਂ ਅੱਖਾਂ ਸਾਹਮਣੇ ਵੱਲ ਹੀ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ।
26ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਮਾਰਗ ਕਾਇਮ ਹੋਣਗੇ ।
27ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਿਆਈ ਤੋਂ ਦੂਰ ਰੱਖ ।