Bible 2 India Mobile
[VER] : [PUNJABI]     [PL]  [PB] 
 <<  Proverbs 30 >> 

1ਯਾਕਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ, ਉਹ ਮਨੁੱਖ ਈਥੀਏਲ, ਹਾਂ ਈਥੀਏਲ ਅਤੇ ਉੱਕਾਲ ਨੂੰ ਆਖਦਾ,

2ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸ਼ੂ ਵਰਗਾ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ ।

3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ ।

4ਅਕਾਸ਼ ਉੱਤੇ ਕੌਣ ਚੜਿਆ ਅਤੇ ਫੇਰ ਹੇਠਾਂ ਉਤਰਿਆ ? ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨਿਆ ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤਰ ਦਾ ਕੀ ਨਾਮ ਹੈ ? ਜੇ ਤੂੰ ਜਾਣਦਾ ਹੈਂ, ਤਾਂ ਦੱਸ !

5ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ ਹੈ ।

6ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜਨਾ ਦੇਵੇ ਅਤੇ ਤੂੰ ਝੂਠਾ ਨਿੱਕਲੇਂ ।

7ਮੈਂ ਤੇਰੇ ਤੋਂ ਦੋ ਵਰ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਓਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ ।

8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਰੋਜ਼ ਦੀ ਰੋਟੀ ਮੈਨੂੰ ਖਿਲਾ,

9ਕਿਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਂਵਾਂ ਅਤੇ ਆਖਾਂ "ਯਹੋਵਾਹ ਕੌਣ ਹੈ" ? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਾਂਵਾਂ ।

10ਦਾਸ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਕਿਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ ।

11ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ ।

12ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸ਼ੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ ।

13ਅਜਿਹੀ ਪੀੜ੍ਹੀ ਵੀ ਹੈ ! ਓਹਨਾਂ ਦੀ ਦ੍ਰਿਸ਼ਟ ਕਿਹੀ ਘੁਮੰਡ ਭਰੀ ਹੈ, ਅਤੇ ਓਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ !

14ਅਜਿਹੀ ਪੀੜ੍ਹੀ ਵੀ ਹੈ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ ।

15ਜੋਕ ਦੀਆਂ ਦੋ ਧੀਆਂ ਹਨ ਜੋ ਦੇ, ਦੇ ਆਖਦੀਆਂ ਰਹਿੰਦੀਆਂ ਹਨ । ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ ਸਗੋਂ ਚਾਰ ਹਨ ਜੋ ਕਦੀ ਬੱਸ ਨਹੀਂ ਆਖਦੀਆਂ,

16ਪਤਾਲ ਅਤੇ ਬਾਂਝ ਦੀ ਕੁੱਖ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ "ਬੱਸ" ਨਹੀਂ ਆਖਦੀ ।

17ਜਿਹੜੀ ਅੱਖ ਪਿਉ ਦਾ ਮਖੌਲ ਉਡਾਉਂਦੀ ਹੈ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ ।

18ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ,

19ਅਕਾਸ਼ ਵਿੱਚ ਉਕਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਕੁਆਰੀ ਨਾਲ ਮਨੁੱਖ ਦੀ ਚਾਲ ।

20ਵਿਭਚਾਰਨ ਦੀ ਚਾਲ ਵੀ ਇਸ ਤਰ੍ਹਾਂ ਦੀ ਹੈ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ ।

21ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਆਂ ਜਾਂਦੀਆਂ,

22ਦਾਸ ਜਦ ਉਹ ਰਾਜਾ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,

23ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਸ ਬਣੇ ।

24ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ,

25ਕੀੜੀਆਂ ਨਿਰਬਲ ਤਾਂ ਹਨ, ਤਾਂ ਵੀ ਗਰਮੀ ਵਿੱਚ ਆਪਣਾ ਅਨਾਜ਼ ਇਕੱਠਾ ਕਰ ਲੈਂਦੀਆਂ ਹਨ,

26ਪਹਾੜੀ ਬਿਜੂ ਭਾਂਵੇ ਨਿਰਬਲ ਹਨ, ਪਰ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ,

27ਟਿੱਡੀ ਦਲ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ ਕੇ ਨਿੱਕਲਦੀਆਂ ਹਨ,

28ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਹੈਂ, ਤਾਂ ਵੀ ਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ ।

29ਇਹ ਤਿੰਨ ਵਸਤਾਂ ਹਨ ਜਿਨਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨਾਂ ਦੀ ਚਾਲ ਸੋਹਣੀ ਹੈ,

30ਇੱਕ ਤਾਂ ਬਬਰ ਸ਼ੇਰ ਜਿਹੜਾ ਸਾਰਿਆਂ ਪਸ਼ੂਆਂ ਵਿੱਚੋਂ ਜ਼ੋਰਾਵਰ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,

31ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ ।

32ਜੇ ਤੂੰ ਆਪਣੇ ਆਪ ਨੂੰ ਉੱਚਿਆਂ ਕਰਕੇ ਮੂਰਖਤਾ ਕੀਤੀ ਹੈ, ਜਾਂ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,

33ਕਿਉਂ ਜੋ ਦੁੱਧ ਰਿੜਕਣ ਨਾਲ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ ।


  Share Facebook  |  Share Twitter

 <<  Proverbs 30 >> 


Bible2india.com
© 2010-2025
Help
Dual Panel

Laporan Masalah/Saran