Bible 2 India Mobile
[VER] : [PUNJABI]     [PL]  [PB] 
 <<  Proverbs 27 >> 

1ਭਲਕ ਦੇ ਬਾਰੇ ਸ਼ੇਖੀ ਨਾ ਮਾਰ, ਕਿਉਂ ਜੋ ਤੂੰ ਨਹੀਂ ਜਾਣਦਾ ਭਈ ਇੱਕੋ ਦਿਨ ਵਿੱਚ ਕੀ ਹੋ ਜਾਵੇ ।

2ਤੇਰੀ ਵਡਿਆਈ ਕੋਈ ਹੋਰ ਭਾਂਵੇ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ, ਹਾਂ ਓਪਰਾ ਕਰੇ, ਨਾ ਤੇਰੇ ਬੁੱਲ ।

3ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜਨਾ ਓਹਨਾਂ ਦੋਹਾਂ ਨਾਲੋਂ ਭਾਰਾ ਹੈ ।

4ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ ?

5ਗੁੱਝੀ ਪ੍ਰੀਤ ਨਾਲੋਂ ਖੁੱਲੀ ਤਾੜਨਾ ਚੰਗੀ ਹੈ ।

6ਮਿੱਤਰ ਦੇ ਵੱਲੋਂ ਹੋਣ ਵਾਲੇ ਜਖਮ ਵਫ਼ਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ ।

7ਰੱਜੇ ਹੋਏ ਮਨ ਨੂੰ ਸ਼ਹਿਦ ਦਾ ਛੱਤਾ ਵੀ ਫਿੱਕਾ ਲੱਗਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ ।

8ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਹਲਣੇ ਤੋਂ ਖੁੰਝ ਜਾਵੇ ।

9ਅਤਰ ਅਤੇ ਸੁਗੰਧ ਜੀ ਨੂੰ ਅਨੰਦ ਕਰਦੀ ਹੈ, ਓਵੇਂ ਹੀ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ ।

10ਆਪਣੇ ਅਤੇ ਆਪਣੇ ਪਿਉ ਦੇ ਮਿੱਤਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ, ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ ।

11ਹੇ ਮੇਰੇ ਪੁੱਤਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ ।

12ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ ।

13ਜਿਹੜਾ ਪਰਦੇਸੀ ਦਾ ਜ਼ਮਾਨਤੀ ਹੋਵੇ ਉਹ ਦੇ ਕੱਪੜੇ ਲਾਹ ਲੈ, ਅਤੇ ਜਿਹੜਾ ਓਪਰੀ ਔਰਤ ਦਾ ਜ਼ਮਾਨਤੀ ਹੋਵੇ ਉਹ ਦਾ ਕੁਝ ਗਹਿਣੇ ਰੱਖ ਲੈ ।

14ਜਿਹੜਾ ਸਵੇਰੇ ਹੀ ਉੱਠ ਕੇ ਆਪਣੇ ਗੁਆਂਢੀ ਨੂੰ ਉੱਚੀ ਦੇ ਕੇ ਅਸੀਸ ਦਿੰਦਾ ਹੈ, ਉਹ ਦੇ ਲਈ ਇਹ ਸਰਾਪ ਹੀ ਗਿਣਿਆ ਜਾਵੇਗਾ ।

15ਝੜੀ ਦੇ ਦਿਨ ਦਾ ਲਗਾਤਾਰ ਚੋਆ, ਅਤੇ ਝਗੜਾਲੂ ਪਤਨੀ ਦੋਵੇਂ ਇੱਕੋ ਸਮਾਨ ਹਨ !

16ਜਿਹੜਾ ਉਹ ਨੂੰ ਰੋਕਦਾ ਹੈ ਉਹ ਪੌਣ ਨੂੰ ਰੋਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ !

17ਜਿਵੇਂ ਲੋਹਾ ਲੋਹੇ ਨੂੰ ਚਮਕਾਉਂਦਾ ਹੈ, ਓਵੇਂ ਮਨੁੱਖ ਦਾ ਮੁੱਖ ਆਪਣੇ ਮਿੱਤਰ ਦੀ ਸੰਗਤ ਦੇ ਨਾਲ ਚਮਕ ਜਾਂਦਾ ਹੈ ।

18ਜਿਹੜਾ ਹੰਜੀਰ ਦੇ ਰੁੱਖ ਦੀ ਰਾਖ਼ੀ ਕਰਦਾ ਹੈ ਉਹ ਉਸ ਦਾ ਫ਼ਲ ਖਾਵੇਗਾ, ਅਤੇ ਜੋ ਆਪਣੇ ਸੁਆਮੀ ਦੀ ਰੱਖਿਆ ਕਰਦਾ ਹੈ ਉਹ ਦਾ ਆਦਰ ਹੋਵੇਗਾ ।

19ਜਿਵੇਂ ਜਲ ਵਿੱਚ ਮੂੰਹ ਦਾ ਪਰਛਾਵਾਂ ਮੂੰਹ ਨੂੰ ਪਰਗਟ ਕਰਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨੂੰ ਪਰਗਟ ਕਰਦਾ ਹੈ ।

20ਜਿਵੇਂ ਪਤਾਲ ਅਤੇ ਦੋਜਖ਼ ਕਦੀ ਤ੍ਰਿਪਤ ਨਹੀਂ ਹੁੰਦੇ, ਓਵੇਂ ਮਨੁੱਖ ਦੀਆਂ ਅੱਖੀਆਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ ।

21ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਓਵੇਂ ਆਦਮੀ ਦੇ ਜਸ ਨਾਲ ਉਹ ਦੀ ਜਾਚ ਹੁੰਦੀ ਹੈ ।

22ਭਾਂਵੇ ਤੂੰ ਮੂਰਖ ਨੂੰ ਉੱਖਲੀ ਵਿੱਚ ਦਾਣਿਆਂ ਸਮੇਤ ਮੋਹਲੇ ਨਾਲ ਕੁੱਟੇਂ, ਤਾਂ ਵੀ ਉਸ ਦੀ ਮੂਰਖਤਾਈ ਉਸ ਤੋਂ ਨਹੀਂ ਹੱਟਣੀ ।

23ਆਪਣੇ ਇੱਜੜਾਂ ਦਾ ਹਾਲ ਚੰਗੀ ਤਰ੍ਹਾਂ ਜਾਣ ਲੈ, ਅਤੇ ਆਪਣੇ ਪਸ਼ੂਆਂ ਦੀ ਸੁੱਧ ਰੱਖ,

24ਕਿਉਂ ਜੋ ਧਨ ਸਦਾ ਨਹੀਂ ਠਹਿਰਦਾ, ਭਲਾ, ਮੁਕਟ ਪੀੜ੍ਹੀਓਂ ਪੀੜ੍ਹੀ ਬਣਿਆ ਰਹਿੰਦਾ ਹੈ ?

25ਜਦ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ, ਅਤੇ ਪਹਾੜਾਂ ਦਾ ਸਾਗ ਪੱਤ ਇੱਕਠਾ ਹੋ ਜਾਂਦਾ ਹੈ ।

26ਲੇਲੇ ਤੇਰੇ ਬਸਤਰਾਂ ਦੇ ਲਈ ਹੋਣਗੇ, ਤੇ ਬੱਕਰੇ ਖੇਤ ਦੇ ਮੁੱਲ ਲਈ,

27ਅਤੇ ਬੱਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਧ ਖੁਰਾਕ ਲਈ, ਅਤੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਬਥੇਰਾ ਹੋਵੇਗਾ ।


  Share Facebook  |  Share Twitter

 <<  Proverbs 27 >> 


Bible2india.com
© 2010-2025
Help
Dual Panel

Laporan Masalah/Saran