Bible 2 India Mobile
[VER] : [PUNJABI]     [PL]  [PB] 
 <<  Proverbs 25 >> 

1ਇਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨਾਂ ਦੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਮਨੁੱਖਾਂ ਨੇ ਨਕਲ ਕੀਤੀ,

2ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ ।

3ਜਿਵੇਂ ਅਕਾਸ਼ ਦੀ ਉਚਿਆਈ ਅਤੇ ਧਰਤੀ ਦੀ ਡੂੰਘਿਆਈ ਨੂੰ ਨਹੀਂ ਜਾਣਿਆ ਜਾ ਸਕਦਾ, ਉਸੇ ਤਰ੍ਹਾਂ ਰਾਜਿਆਂ ਦੇ ਮਨਾਂ ਨੂੰ ਨਹੀਂ ਜਾਣਿਆ ਜਾ ਸਕਦਾ ।

4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ ।

5ਰਾਜੇ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਦੇ ਕੰਮ ਨਾਲ ਸਥਿਰ ਹੋ ਜਾਵੇਗੀ ।

6ਰਾਜੇ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਖੜ੍ਹਾ ਨਾ ਹੋ,

7ਕਿਉਂ ਜੋ ਉਸ ਪ੍ਰਧਾਨ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ, ਭਈ ਤੈਨੂੰ ਆਖਿਆ ਜਾਵੇ ਐਧਰ ਉਤਾਹਾਂ ਆ ਜਾ, ਜਿਵੇਂ ਤੇਰੀਆਂ ਅੱਖਾਂ ਨੇ ਵੇਖਿਆ ਹੈ ।

8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਅੰਤ ਵਿੱਚ ਜਦ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਾ ਕਰੇ, ਤਾਂ ਤੂੰ ਕੀ ਕਰੇਂਗਾ ?

9ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਦੇ ਬਾਰੇ ਗੱਲਬਾਤ ਕਰ, ਅਤੇ ਇਸ ਭੇਤ ਨੂੰ ਕਿਸੇ ਦੂਜੇ ਉੱਤੇ ਨਾ ਖੋਲ,

10ਕਿਤੇ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਕਰੇ, ਅਤੇ ਤੇਰੀ ਬਦਨਾਮੀ ਕਦੇ ਨਾ ਮਿਟੇ ।

11ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ ।

12ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ ।

13ਜਿਵੇਂ ਵਾਢੀ ਦੇ ਦਿਨਾਂ ਵਿੱਚ ਬਰਫ਼ ਦੀ ਠੰਡ ਹੁੰਦੀ ਹੈ, ਉਸੇ ਤਰ੍ਹਾਂ ਹੀ ਵਫ਼ਾਦਾਰ ਸੰਦੇਸ਼ਵਾਹਕ ਆਪਣੇ ਭੇਜਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀਅ ਠੰਡਾ ਕਰਦਾ ਹੈ ।

14ਜਿਹੜਾ ਦਾਨ ਦਿੱਤੇ ਬਿਨ੍ਹਾਂ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ, ਜਿਹ ਦੇ ਵਿੱਚ ਵਰਖਾ ਨਾ ਹੋਵੇ ।

15ਧੀਰਜ ਨਾਲ ਹਾਕਮ ਸਹਿਮਤ ਹੋ ਜਾਂਦਾ ਹੈ, ਅਤੇ ਨਰਮਾਈ ਨਾਲ ਕੀਤੀ ਗੱਲਬਾਤ ਹੱਡੀ ਨੂੰ ਵੀ ਭੰਨ ਸੁੱਟਦੀ ਹੈ ।

16ਜੇ ਤੈਨੂੰ ਸ਼ਹਿਦ ਲੱਭਾ ਹੈ, ਤਾਂ ਜਿੰਨਾ ਤੈਨੂੰ ਲੋੜ ਹੈ ਓਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ ।

17ਆਪਣੇ ਗੁਆਂਢੀ ਦੇ ਘਰ ਬਾਰ-ਬਾਰ ਨਾ ਜਾ, ਅਜਿਹਾ ਨਾ ਹੋਵੇ ਕਿ ਉਹ ਅੱਕ ਕੇ ਤੇਰੇ ਤੋਂ ਨਫ਼ਰਤ ਕਰਨ ਲੱਗੇ ।

18ਜਿਹੜਾ ਆਪਣੇ ਗੁਆਂਢੀ ਦੇ ਵਿਰੋਧ ਵਿੱਚ ਝੂਠੀ ਗਵਾਹੀ ਦਿੰਦਾ ਹੈ, ਉਹ ਹਥੌੜੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ ।

19ਬਿਪਤਾ ਦੇ ਵੇਲੇ ਧੋਖੇਬਾਜ਼ ਮਨੁੱਖ ਉੱਤੇ ਭਰੋਸਾ ਕਰਨਾ, ਖ਼ਰਾਬ ਦੰਦ ਅਤੇ ਮੋਚ ਆਏ ਪੈਰ ਵਾਂਗੂੰ ਹੈ ।

20ਕਿਸੇ ਉਦਾਸ ਮਨ ਵਾਲੇ ਮਨੁੱਖ ਦੇ ਸਾਹਮਣੇ ਗੀਤ ਗਾਉਣਾ, ਸਿਆਲ ਵਿੱਚ ਕੱਪੜਾ ਉਤਾਰਨ, ਅਤੇ ਸੱਟ ਉੱਤੇ ਸਿਰਕਾ ਪਾਉਣ ਵਾਂਗੂੰ ਹੈ ।

21ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,

22ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ ।

23ਉਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਰਾਜ਼ਗੀ ਨੂੰ ਲੈ ਕੇ ਆਉਂਦੀ ਹੈ ।

24ਝਗੜਾਲੂ ਪਤਨੀ ਨਾਲ ਖੁੱਲੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ ।

25ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਈ ਹੋਈ ਚੰਗੀ ਖ਼ਬਰ ਹੈ ।

26ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੋਤੇ ਅਤੇ ਨਸ਼ਟ ਹੋਏ ਝਰਨੇ ਵਰਗਾ ਹੈ ।

27ਬਾਹਲਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉੱਚਿਤ ਨਹੀਂ ਹੈ ।

28ਜਿਹੜਾ ਮਨੁੱਖ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ, ਜਿਹਦੀ ਸ਼ਹਿਰਪਨਾਹ ਨਾ ਹੋਵੇ ।


  Share Facebook  |  Share Twitter

 <<  Proverbs 25 >> 


Bible2india.com
© 2010-2025
Help
Dual Panel

Laporan Masalah/Saran